
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 23 ਫਰਵਰੀ ਤੱਕ ਭਾਰਤ ਵਿਚ ਦੋਰਾ ਕਰਣਗੇ ਜਿਸ ਦੌਰਾਨ ਉਹ ਅੰਮ੍ਰਿਤਸਰ, ਅਹਿਮਦਾਬਾਦ, ਆਗਰਾ, ਮੁੰਬਈ ਤੇ ਨਵੀਂ ਦਿੱਲੀ ਜਾਣਗੇ । ਜਾਣਕਾਰੀ ਅਨੁਸਾਰ ਜਸਟਿਨ ਟਰੂਡੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ਆ ਰਹੇ ਹਨ। ਕੈਨੇਡਾ ਅਤੇ ਭਾਰਤ ਵਿਚਕਾਰ ਭਾਸ਼ਾ, ਅਦਾਰਿਆਂ ਤੇ ਲੋਕਤੰਤਰ ਕਰਕੇ ਵਿਸ਼ੇਸ਼ ਸਾਂਝ ਹੈ। ਦੋਵਾਂ ਦੇਸ਼ਾਂ ਵਿਚ ਵਪਾਰਕ ਤੇ ਆਰਥਕ ਰਿਸ਼ਤੇ ਵਧਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ।
ਇੱਥੇ ਤਹਾਨੂੰ ਦੱਸ ਦਇਏ ਕਿ ਜਸਟਿਨ ਟਰੂਡੋ ਨਾਲ ਸਿਰਕੱਢ ਕਾਰੋਬਾਰੀਆਂ ਦਾ ਡੈਲੀਗੇਸ਼ਨ, ਪੰਜਾਬੀ ਮੂਲ ਦੇ ਮੰਤਰੀ, ਸੰਸਦ ਮੈਂਬਰ ਤੇ ਪੱਤਰਕਾਰ ਵੀ ਹੋਣਗੇ।ਅੰਮ੍ਰਿਤਸਰ ਵਿਚ ਉਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਤੇ ਅਹਿਮਦਾਬਾਦ (ਗੁਜਰਾਤ) ਵਿਚ ਸਵਾਮੀਨਾਰਾਇਨ ਮੰਦਿਰ ਜਾਣ ਦਾ ਪ੍ਰੋਗਰਾਮ ਹੈ।ਜਸਟਿਨ ਟਰੂਡੋ ਨਵੰਬਰ 2015 ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਹੁਣ ਤੱਕ ਸ੍ਰੀ ਮੋਦੀ ਨੂੰ ਮਨੀਲਾ (ਫਿਲਪਾਈਨ), ਹਮਬਰਗ (ਜਰਮਨੀ) ਅਤੇ ਵਾਸ਼ਿੰਗਟਨ (ਅਮਰੀਕਾ) ਵਿਚ ਮਿਲ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਜਿਸਟਿਨ ਟਰੂਡੋ ਦੇ ਭਾਰਤ ਆਉਣ ਦੀ ਖਬਰ ਆਉਣ ਵਕਤ ਵੀ ਦੋਵੇਂ ਪ੍ਰਧਾਨ ਮੰਤਰੀ ਸਵਿਟਜ਼ਰਲੈਂਡ ਦੀਆਂ ਪਹਾੜੀ ਵਾਦੀਆਂ ‘ਚ ਸਥਿਤ ਡਾਵੋਸ ਨਗਰ ਵਿਖੇ ਸੰਸਾਰ ਆਰਥਕ ਸਮਾਰੋਹ ਵਿਚ ਸ਼ਾਮਿਲ ਹੋ ਰਹੇ ਹਨ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਮੌਜੂਦ ਹਨ।