ਕੈਲਗਰੀ ਸਮੇਤ ਸਮੁੱਚੇ ਅਲਬਰਟਾ ਰਾਜ ਵਿਚ ਠੰਢ ਦਾ ਪ੍ਰਕੋਪ ਨਿਰੰਤਰ ਜਾਰੀ

ਅਲਬਰਟਾ ਦਾ ਸਭ ਤੋਂ ਵੱਡਾ ਸ਼ਹਿਰ ਤੇ ਕਨੇਡਾ ਦਾ ਤੀਸਰਾ ਵੱਡਾ ਨਗਰਪਾਲਿਕਾ ਜਿੱਥੇ ਇਸ ਸਮੇਂ ਠੰਡ ਸਿਖ਼ਰਾਂ ਤੇ ਹੈ।ਕੈਲਗਰੀ ਸਮੇਤ ਸਮੁੱਚੇ ਅਲਬਰਟਾ ਰਾਜ ਵਿਚ ਠੰਢ ਦਾ ਪ੍ਰਕੋਪ ਨਿਰੰਤਰ ਜਾਰੀ ਹੈ । ਕੈਲਗਰੀ ਵਿਚ ਸਵੇਰ ਦਾ ਤਾਪਮਾਨ ਮਨਫ਼ੀ 40 ਡਿਗਰੀ ਸੈਲਸੀਅਸ ਦਰਜ ਹੋਇਆ ਹੈ ।ਅੱਜਕਲ੍ਹ ਛੁੱਟੀਆ ਹੋਣ ਕਰਕੇ ਇਸ ਕੜਾਕੇ ਦੀ ਠੰਢ ਤੋਂ ਬਚਣ ਲਈ ਲੋਕ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ ਹਨ ।
ਇੱਥੋਂ ਤੱਕ ਕੀ ਸੜਕੀ ਆਵਾਜਾਈ ਵੀ ਬਹੁਤ ਘਟ ਗਈ ਹੈ, ਜਿਸ ਕਾਰਨ ਜ਼ਰੂਰੀ ਵਸਤਾਂ ਤੇ ਹੋਰ ਸਾਮਾਨ ਦੀ ਢੋਆ-ਢੁਆਈ ਉਪਰ ਅਸਰ ਪਿਆ ਹੈ ।ਮੌਸਮ ਵਿਭਾਗ ਨੇ ਲੋਕਾਂ ਨੂੰ ਕੜਾਕੇ ਦੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਹੈ । ਇਹ ਠੰਢ ਅਗਲੇ ਸਾਲ ਦੇ ਸ਼ੁਰੂ ਵਿਚ ਵੀ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਮਾਹਿਰ ਹੀਥਰ ਪਿਿਮਸਕਰਨ ਨੇ ਕਿਹਾ ਹੈ ਕਿ ਕੈਲਗਰੀ ਵਿਚ ਅਗਲੇ ਕੁਝ ਦਿਨਾ ਦੌਰਾਨ ਘਟੋ-ਘੱਟ ਤਾਪਮਾਨ ਮਨਫ਼ੀ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਪਰ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਮਨਫ਼ੀ 30 ਤੋਂ ਮਨਫ਼ੀ 40 ਡਿਗਰੀ ਤੱਕ ਤੱਕ ਮਹਿਸੂਸ ਹੋਵੇਗਾ ।ਉਨ੍ਹਾਂ ਕਿਹਾ ਕਿ ਦਸੰਬਰ ਤੇ ਜਨਵਰੀ ਵਿਚ ਤਾਪਮਾਨ ਵਿਚ ਮਨਫ਼ੀ 40 ਡਿਗਰੀ ਤੱਕ ਗਿਰਾਵਟ ਆਉਣੀ ਅਸਧਾਰਨ ਗੱਲ ਨਹੀਂ ਹੈ।ਮੌਸਮ ਵਿਭਾਗ ਦੇ ਕਰਮਚਾਰੀਆ ਦਾ ਕਹਿਣਾ ਹੈ ਕਿ ਬਾਹਰ ਜਾਣ ਤੋ ਪਹਿਲਾਂ ਗਰਮ ਕੱਪੜੇ, ਦਸਤਾਨੇ, ਗਰਮ ਟੋਪੀ, ਗਰਮ ਜੁਰਾਬਾਂ ਅਤੇ ਗਲਾ ਚੰਗੀ ਤਰ੍ਹਾਂ ਕੱਪੜੇ ਨਾਲ ਢੱਕਿਆ ਹੋਣਾ ਜ਼ਰੂਰੀ ਹੈ ।
ਉਨ੍ਹਾਂ ਕਿਹਾ ਕਿ ਜ਼ਿਆਦਾ ਸਮਾਂ ਬਾਹਰ ਲਗਾਤਾਰ ਖੜ੍ਹੇ ਨਹੀ ਰਹਿਣਾ ਚਾਹੀਦਾ ਕਿਉਂਕਿ ਮੌਸਮ ਜ਼ਿਆਦਾ ਖਰਾਬ ਹੋਣ ਕਰਕੇ ਸਰੀਰ ਦੇ ਅੰਗ ਜੁੜਨ ਦਾ ਵੀ ਡਰ ਹੈ ।