ਟਰੱਕਰਾਂ ਦੇ ਵੈਕਸੀਨ ਮੈਂਡੇਟ ਵਿਰੋਧੀ ਮੁਜ਼ਾਹਰੇ ‘ਚ ਇਤਰਾਜ਼ਯੋਗ ਬੈਨਰ ਅਤੇ ਝੰਡਿਆਂ ‘ਤੇ ਜਤਾਇਆ ਕਈਆਂ ਨੇ ਇਤਰਾਜ਼
ਬੀਤੇ ਦਿਨੀਂ ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਚੱਲ ਰਹੇ ਵੈਕਸੀਨ ਮੈਂਡੇਟ ਵਿਰੋਧੀ ਮੁਜ਼ਾਹਰੇ ‘ਚ ਕੁੱਝ ਇਤਰਾਜ਼ਯੋਗ ਬੈਨਰ ਅਤੇ ਝੰਡੇ ਦੇਖਣ ਨੂੰ ਮਿਲੇ , ਜਿੰਨਾਂ ‘ਤੇ ਕਈਆਂ ਨੇ ਇਤਰਾਜ਼ ਜਤਾਇਆ ਹੈ। ਕਈ ਪ੍ਰਮੁੱਖ ਸਾਂਸਦਾਂ ਅਤੇ ਲੋਕਾਂ ਮੁਤਾਬਕ, ਟਰੱਕਰਾਂ ਦੇ ਹੱਕ ਦੀ ਰੈਲੀ ਦੀ ਆੜ ਵਿੱਚ ਇਹ ਵ੍ਹਾਈਟ ਸੁਪਰੀਮੇਸੀ ਨੂੰ ਵਧਾਵਾ ਦੇਣ ਅਤੇ ਸਿਆਸੀ ਲਾਹੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਜੋ ਕਿ ਕੈਨੇਡਾ ਵਰਗੇ ਭਾਈਚਾਰਕ ਸਾਂਝ ਅਤੇ ਬਰਾਬਰਤਾ ਵਾਲੇ ਮੁਲਕ ਲਈ ਸਹੀ ਸਾਬਤ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਕੈਂਸਰ ਖੋਜ ਦੇ ਮਾਹਰ ਟੈਰੀ ਫ਼ਾਕਸ ਦੇ ਬੁੱਤ ਨਾਲ ਛੇੜਖ਼ਾਨੀ ਕਰਨ ਅਤੇ ਉਸ ‘ਤੇ ਕੈਨੇਡਾ ਦਾ ਉਲਟਾ ਝੰਡਾ ਚੜ੍ਹਾਉਣ ‘ਤੇ ਸ਼ਹਿਰ ਦੇ ਮੇਅਰ, ਟੈਰੀ ਫੌਕਸ ਫਾਊਂਡੇਸ਼ਨ ਸਮੇਤ ਕਈਆਂ ਨੇ ਇਸ ਕਾਰੇ ਦੀ ਨਿਖੇਧੀ ਕੀਤੀ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ “ਸੀਮਾਵਾਂ” ਵਿੱਚ ਰਹਿਣ ਕੇ ਰੈਲੀ ਕਰਨ ਦੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ ਟਰੱਕਰਾਂ ਲਈ ਬਾਰਡਰ ਪਾਰ ਕਰਨ ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ ਵਿੱਚ ਹੋ ਰਹੀ ਇਹ ਰੈਲੀ ਇਤਿਹਾਸਕ ਰੂਪ ਧਾਰ ਚੁੱਕੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੱਕ ਇਸ ਸਮੇਂ ਓਟਾਵਾ ਪੁੱਜੇ ਹੋਏ ਹਨ। ਗੌਰਤਲਬ ਹੈ ਕਿ ਇਸ ਸਮੇਂ ਪ੍ਰਧਾਨ ਮੰਤਰੀ ਟਰੂਡੋ ਕੋਵਿਡ ਪਾਜਿਟਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਇਕਾਂਤਵਾਸ ਵਿੱਚ ਹਨ।