
ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਫੈਡਰਲ ਆਰਮਰੀ ਦੀ ਵਰਤੋਂ ਕਰਨ ਦੇ ਪ੍ਰਸਤਾਵ ਉੱਤੇ ਟੋਰਾਂਟੋ ਇੱਕ ਵਾਰ ਮੁੜ ਵਿਚਾਰ ਕਰ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸ਼ਹਿਰ ਦੇ ਮੇਯਰ ਵੱਲੋਂ ਦਿਤੀ ਗਈ ਹੈ।
ਜ਼ਿਕਰਯੋਗ ਹੈ ਕਿ ਜੌਹਨ ਟੋਰੀ ਤੇ ਕਾਉਂਸਲ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਮੌਸ ਪਾਰਕ ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਜੇ ਠੰਢ ਨੇ ਜ਼ੋਰ ਨਹੀਂ ਸੀ ਫੜ੍ਹਿਆ ਪਰ ਹੁਣ ਨਾਟਕੀ ਢੰਗ ਨਾਲ ਸ਼ੈਲਟਰ ਵਾਲੀਆਂ ਥਾਂਵਾਂ ਦੀ ਮੰਗ ਵੱਧ ਗਈ ਹੈ। ਕਈ ਰਾਤਾਂ ਤੋਂ ਤਾਪਮਾਨ ਵੀ ਮਨਫੀ 20 ਡਿਗਰੀ ਸੈਲਸੀਅਸ ਚੱਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਥਾਨਕ ਵਾਸੀਆਂ ਵੱਲੋਂ ਇੱਕ ਪਟੀਸ਼ਨ ਸਾਈਨ ਕਰਕੇ ਟੋਰੀ ਤੋਂ ਮੰਗ ਕੀਤੀ ਗਈ ਹੈ ਕਿ ਉਸ ਆਰਮਰੀ ਦੀ ਵਰਤੋਂ ਪਨਾਹਗਾਹ ਵਜੋਂ ਕਰਨ ਵਾਲੇ ਪ੍ਰਸਤਾਵ ਨੂੰ ਮੁੜ ਵਿਚਾਰਨ ।

ਇਸ ਮਗਰੋਂ ਟੋਰੀ ਨੇ ਆਖਿਆ ਕਿ ਸਿਟੀ ਦੇ ਅਧਿਕਾਰੀਆਂ ਵੱਲੋਂ ਫੈਡਰਲ ਅਧਿਕਾਰੀਆਂ ਨਾਲ ਮੌਸ ਪਾਰਕ ਆਰਮਰੀ ਨੂੰ ਆਰਜ਼ੀ ਸੈ਼ਲਟਰ ਵਜੋਂ ਖੋਲ੍ਹਣ ਦੇ ਸਬੰਧ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ। ਟੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਨਾਹ ਲੈਣ ਦੇ ਚਾਹਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਸਿਸਟਮ ਉੱਤੇ ਲਗਾਤਾਰ ਬੋਝ ਵੱਧ ਰਿਹਾ ਹੈ। ਖਰਾਬ ਮੌਸਮ ਤੇ ਸਮਾਜਕ ਹਾਲਾਤ ਕਾਰਨ ਸ਼ੈਲਟਰਜ਼ ਵਿੱਚ ਵਾਧਾ ਕੀਤੇ ਜਾਣ ਦੇ ਬਾਵਜੂਦ ਗੱਲ ਨਹੀਂ ਬਣ ਰਹੀ।
ਸ਼ੈਲਟਰ ਸਿਸਟਮ ਦੇ ਹੋਰ ਪਸਾਰ ਦੀ ਲੋੜ ਸਿਰਫ ਖਰਾਬ ਮੌਸਮ ਕਾਰਨ ਹੀ ਨਹੀਂ ਪੈ ਰਹੀ ਸਗੋਂ ਪਿਛਲੇ ਦੋ ਸਾਲਾਂ ਵਿੱਚ ਰਫਿਊਜੀਜ਼ ਦਾ ਹੜ੍ਹ ਆ ਜਾਣ ਕਾਰਨ ਵੀ ਇਸ ਮੰਗ ਵਿੱਚ ਵਾਧਾ ਹੋਇਆ ਹੈ।
