ਠੀਕ ਚੋਣਾਂ ਤੋਂ ਪਹਿਲਾਂ ਬੁਰੇ ਫਸੇ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ, ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ
ਠੀਕ ਚੋਣਾਂ ਤੋਂ ਪਹਿਲਾਂ ਬੁਰੇ ਫਸੇ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ, ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ

2001 ਵਿਚ ਸਕੂਲ “ਅਰਬਨ ਨਾਈਟਸ” – ਗਾਲਾ ਸਮਾਗਮ ਦੌਰਾਨ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਦੀ “ਬਰਾਊਨਫੇਸ” ਪਹਿਿਨਆਂ ਦੀ ਫੋਟੋ ਦੇਖਦਿਆਂ ਹੀ ਦੇਖਦਿਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।

ਵੈਨਕੂਵਰ, ਬੀ.ਸੀ. ਦੇ ਇੱਕ ਪ੍ਰਾਈਵੇਟ ਸਕੂਲ ਵੈਸਟ ਪੁਆਇੰਟ ਗ੍ਰੇ ਅਕੈਡਮੀ ਤੋਂ yearbook ਕਿਤਾਬ ਵਿੱਚ ਟਾਈਮਜ਼ ਮੈਗਜ਼ੀਨ ਦੁਆਰਾ ਪ੍ਰਕਾਸ਼ਤ ਕੀਤੀ ਗਈ ਤਸਵੀਰ ਵਾਇਰਲ ਹੋ ਰਹੀ ਹੈ, ਜਿੱਥੇ ਟਰੂਡੋ ਨੇ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਇੱਕ ਅਧਿਆਪਕ ਵਜੋਂ ਕੰਮ ਕੀਤਾ ਸੀ।

ਇਸ ਮਾਮਲੇ ‘ਤੇ ਤੁਰੰਤ ਪ੍ਰੈੱਸ ਕਾਨਫਰੰਸ ਕਰ ਲਿਬਰਲ ਪਾਰਟੀ ਲੀਡਰ ਟਰੂਡੋ ਵੱਲੋਂ ਮੁਆਫੀ ਮੰਗ ਲਈ ਗਈ ਹੈ।

“ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਮੈਨੂੰ ਬਿਹਤਰ ਪਤਾ ਹੋਣਾ ਚਾਹੀਦਾ ਸੀ,” ਉਹਨਾਂ ਹਵਾਈ ਜਹਾਜ਼ ਵਿੱਚ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਕਰ ਕਿਹਾ । “ਅਤੇ ਮੈਨੂੰ ਸੱਚਮੁੱਚ ਅਫ਼ਸੋਸ ਹੈ।”

ਟਰੂਡੋ ਨੇ ਮੰਨਿਆ ਕਿ ਇਹ ਨਸਲਵਾਦੀ ਫੋਟੋ ਸੀ ਪਰ ਉਹਨਾਂ ਨੇ ਉਸ ਸਮੇਂ ਇਸ ਨੂੰ ਨਸਲਵਾਦੀ ਨਹੀਂ ਸਮਝਿਆ।

ਫੋਟੋ ਦੀ ਹੋਂਦ ਦੀ ਜਾਣਕਾਰੀ ਪਹਿਲਾਂ ਸੀ ਐਨ ਐਨ ਨਾਲ ਜੁੜੇ ਟਾਈਮ ਦੁਆਰਾ ਸਾਂਝੀ ਕੀਤੀ ਗਈ ਸੀ।

ਟਰੂਡੋ 21 ਅਕਤੂਬਰ ਨੂੰ ਦੁਬਾਰਾ ਚੋਣ ਲੜ ਰਹੇ ਹਨ।

ਟਰੂਡੋ ਨੇ ਕਿਹਾ, “ਮੈਂ ਇੱਥੇ ਕੈਨੇਡੀਅਨਾਂ ਦੇ ਸਾਹਮਣੇ ਮੌਜੂਦ ਹਾਂ ਜਿਵੇਂ ਮੈਂ ਇਸ ਚੋਣ ਮੁਹਿੰਮ ਦੌਰਾਨ ਮੌਜੂਦ ਰਹਾਂਗਾ ਅਤੇ ਇਕੱਠੇ ਬਿਹਤਰ ਦੇਸ਼ ਬਣਾਉਣ ਲਈ ਅਸੀਂ ਜੋ ਕੰਮ ਕਰਨਾ ਹੈ, ਉਸ ਬਾਰੇ ਗੱਲ ਕਰਾਂਗਾ।” “ਅਤੇ ਮੈਂ ਅਸਹਿਣਸ਼ੀਲਤਾ ਅਤੇ ਵਿਤਕਰੇ ਵਿਰੁੱਧ ਲੜਨ ਲਈ ਕੰਮ ਕਰਨਾ ਜਾਰੀ ਰੱਖਾਂਗਾ, ਹਾਲਾਂਕਿ ਸਪੱਸ਼ਟ ਤੌਰ’ ਤੇ ਮੈਂ ਪਿਛਲੇ ਸਮੇਂ ਵਿੱਚ ਇੱਕ ਗਲਤੀ ਕੀਤੀ ਸੀ।”

ਕੰਸਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ, ਨੇ ਵੀ ਇਸ ਬਾਰੇ ਗੱਲ ਕੀਤੀ ਅਤੇ ਕਿਹਾ: “ਸਾਰੇ ਕੈਨੇਡੀਅਨਾਂ ਦੀ ਤਰ੍ਹਾਂ, ਮੈਂ ਇਸ ਸ਼ਾਮ ਜਸਟਿਨ ਟਰੂਡੋ ਦੀਆਂ ਕਾਰਵਾਈਆਂ ਬਾਰੇ ਜਾਣ ਕੇ ਬਹੁਤ ਹੈਰਾਨ ਅਤੇ ਨਿਰਾਸ਼ ਹੋਇਆ। ਬ੍ਰਾਊਨਫੇਸ ਪਹਿਨਣਾ ਨਸਲਵਾਦ ਅਤੇ ਕਿਸੇ ਖਾਸ ਰੰਗ/ਨਸਲ ਦਾ ਸ਼ਰੇਆਮ ਮਜਾਕ ਉਡਾਉਣਾ ਹੈ। ਜਿੰਨਾਂ ਨਸਲੀ ਭੇਦਭਾਵ ਇਹ 2001 ‘ਚ ਮੰਨਿਆ ਜਾਂਦਾ ਸੀ, ਉਨ੍ਹਾਂ ਹੀ ਭੇਦਭਾਵ ਨਾਲ ਭਰਿਆ ਇਹ ਹੁਣ ਹੈ। ਉਹਨਾਂ ਜਸਟਿਨ ਟਰੂਡੋ ‘ਤੇ ਤੰਜ ਕੱਸਦਿਆਂ ਕਿਹਾ ਕਿ ਇਹ ਕੇਨੈਡੀਅਨ ਲੋਕਾਂ ਨੇ ਜੋ ਅੱਜ ਸ਼ਾਮ ਨੂੰ ਦੇਖਿਆ ਹੈ, ਇਹ ਸਾਬਿਤ ਕਰਦਾ ਹੈ ਕਿ ਕਿਵੇਂ ਇਸ ਤਰ੍ਹਾਂ ਦੀ ਹਰਕਤ ਕਰਨ ਵਾਲਾ ਇਸ ਮੁਲਕ ਦੀ ਵਾਗਡੋਰ ਸੰਭਾਲਣ ਦੇ ਕਾਬਿਲ ਨਹੀਂ।”

ਗ੍ਰੀਨ ਪਾਰਟੀ ਦੀ ਨੇਤਾ, ਐਲਿਜ਼ਾਬੈਥ ਮੇਅ ਨੇ ਕਿਹਾ ਕਿ ਉਹ “ਫੋਟੋ ਵਿਚ ਦਿਖਾਈ ਗਈ ਨਸਲਵਾਦ ਤੋਂ ਕਾਫੀ ਪਰੇਸ਼ਾਨ ਹੋਏ ਹਨ।”

ਉਹਨਾਂ ਕਿਹਾ, “ਜਸਟਿਨ ਟਰੂਡੋ ਦੀ ਫੋਟੋ ਵਿਚ ਦਿਖਾਈ ਗਈ ਨਸਲਵਾਦ ਤੋਂ ਮੈਂ ਬੜੀ ਦੁੱਖੀ ਹਾਂ। ਉਸ ਨੂੰ ਹੋਏ ਨੁਕਸਾਨ ਲਈ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਸਰਕਾਰ ਦੇ ਸਾਰੇ ਪੱਧਰਾਂ ਤੇ ਸਮਾਜਿਕ ਨਿਆਂ ਦੀ ਅਗਵਾਈ ਕਰਨ ਲਈ ਮਾਡਲ ਬਣਾਉਣ ਦੀ ਜ਼ਰੂਰਤ ਸਿੱਖਣ ਅਤੇ ਉਸ ਦੀ ਕਦਰ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਇਸ ਮਾਮਲੇ ਵਿਚ ਬਿਨ੍ਹਾਂ ਸ਼ੱਕ ਉਹ “ਫੇਲ੍ਹ ਹੋਏ ਹਨ।”

ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਇਸ ‘ਤੇ ਟਿਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ, “ਅੱਜ ਰਾਤ, ਇਹ ਗੱਲ ਮਹਿਜ਼ ਪ੍ਰਧਾਨ ਮੰਤਰੀ ਬਾਰੇ ਨਹੀਂ ਹੈ। ਇਹ ਹਰ ਉਸ ਨੌਜਵਾਨ ਬਾਰੇ ਹੈ ਜਿਸਨੇ ਆਪਣੀ ਚਮੜੀ ਦੇ ਰੰਗ ਕਾਰਨ ਕਦੀ ਨਸਲੀ ਵਿਤਕਰੇ ਦਾ ਸਾਹਮਣਾ ਕੀਤਾ ਸੀ। ਹਰ ਉਸ ਨੌਜਵਾਨ ਲਈ ਹੈ, ਜਿਸਦੀ ਪੱਗ ਨੂੰ ਕਦੀ ਉਤਾਰਿਆ ਗਿਆ ਸੀ। ਮੈਂ ਤੁਹਾਨੂੰ ਕਹਿਣਾ ਚਾਹੁੰਨਾਂ ਹਾਂ, ਤੁਸੀਂ ਸਾਰੇ ਬਹੁਤ ਪਿਆਰੇ ਹੋ।”


ਇੱਥੇ ਇਹ ਦੱਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਵੱਲੋਂ 2001 ਦੇ ਇੱਕ ਸਮਾਗਮ ‘ਚ ਭੂਰੇ ਰੰਗ ਦਾ ਮੇੱਕਅੱਪ ਕੀਤਾ ਗਿਆ ਸੀ ਅਤੇ ਡ੍ਰੈੱਸ ਪਾਈ ਗਈ ਸੀ। ਇਸਨੂੰ ਬ੍ਰਾਊਨਫੇਸ ਕਿਹਾ ਜਾਂਦਾ ਹੈ ਅਤੇ ਇਸਨੂੰ ਰੰਗ ਭੇਦਭਾਵ ਅਤੇ ਨਸਲੀ ਵਿਤਕਰਾ ਆਖਿਆ ਜਾਂਦਾ ਹੈ, ਜਿਸ ਨਾਲ ਸਾਂਵਲੇ/ਕਾਲੇ ਰੰਗ ਅਤੇ ਹੋਰਨਾਂ ਭਾਈਚਾਰਿਆਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਤੁਸੀਂ ਸਾਡੇ ਤੋਂ ਵੱਖਰੇ ਹੋ। ਇਸਨੂੰ ਘੱਟ ਗਿਣਤੀਆਂ ਨਾਲ “ਕੋਝਾ ਮਜ਼ਾਕ” ਮੰਨਿਆ ਜਾਂਦਾ ਹੈ।

ਚਾਹੇ ਕਿ ਜਸਟਿਨ ਟਰੂਡੋ ਵੱਲੋਂ ਇਹ ਕਹਿ ਕੇ ਮੁਆਫੀ ਮੰਗ ਲਈ ਗਈ ਹੈ ਕਿ ਉਹਨਾਂ ਨੂੰ ਉਸ ਸਮੇਂ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ ਕੀ ਕਰ ਰਹੇ ਹਨ, ਪਰ ਫਿਰ ਵੀ ਠੀਕ ਚੋਣਾਂ ਤੋਂ ਪਹਿਲਾਂ ਅਜਿਹੀ ਫੋਟੋ ਦਾ ਵਾਇਰਲ ਹੋਣਾ, ਉਹਨਾਂ ਨੂੰ “ਸਿਆਸੀ ਖਤਰੇ” ‘ਚ ਪਾ ਸਕਦਾ ਹੈ।

ਜਿੱਥੇ, ਮੁਸਲਮਾਨ ਭਾਈਚਾਰੇ ਅਤੇ ਵਰਲਡ ਸਿੱਖ ਸੰਸਥਾ ਵੱਲੋਂ ਟਰੂਡੋ ਦੀ ਮੁਆਫੀ ਨੂੰ ਸਵੀਕਾਰ ਲਿਆ ਗਿਆ ਹੈ। ਉਥੇ ਕਈ ਸਿਆਸਤਦਾਨਾਂ ਵੱਲੋਂ ਟਰੂਡੋ ਨੂੰ ਅਸਤੀਫਾ ਦੇਣ ਲਈ ਵੀ ਜ਼ੋਰ ਪਾਇਆ ਜਾ ਰਿਹਾ ਹੈ। ਅੱਗੇ ਕੀ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।