ਪੰਜਾਬੀ ਸਹਿਤਕਾਰ ਦਾ ਹੋਇਆ ਦਿਹਾਂਤ…….

ਜਦੋਂ ਇੱਕ ਇਨਸਾਨ ਦੀ ਧਰਤੀ ਨੂੰ ਦੇਣ ਬਹੁਤ ਵੱਡੀ ਹੋ ਜਾਵੇ ਤਾਂ ਉਹ ਇਨਸਾਨ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ।ਸੋ ਇਸਦੀ ਮਿਸਾਲ ਹੈ ਬਰਤਾਨੀਆਂ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਅਵਤਾਰ ਸਿੰਘ ਸਾਦਿਕ ਜਿੰਨਾਂ ਦਾ ਅਚਾਨਕ ਦਿਹਾਂਤ ਹੋ ਗਿਆ। ਉਹ 1964 ਤੋਂ ਯੂ. ਕੇ. ‘ਚ ਰਹਿ ਰਹੇ ਸਨ। ਉਹ 77 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਛੱਡ ਗਏ ਹਨ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਾਦਿਕ ਨੇ ਪੰਜਾਬੀ ਸਾਹਿਤ ਦੀ ਝੋਲੀ ਤਿੰਨ ਕਾਵਿ ਸੰਗ੍ਰਹਿ, ਤਿੰਨ ਕਹਾਣੀ ਸੰਗ੍ਰਹਿ, ਇਕ ਸਫ਼ਰਨਾਮਾ (ਸ਼ੰਘਰਸ਼ ਦਾ ਪ੍ਰਤੀਕ ਕਿਊਬਾ) ਤੋਂ ਇਲਾਵਾ ਇਕ ਕਿਤਾਬ ਕ੍ਰਾਂਤੀਕਾਰੀ ਕਵੀ ਬਾਵਾ ਬਲਵੰਤ ਸੰਪਾਦਿਤ ਕੀਤੀ। ਅਵਤਾਰ ਸਾਦਿਕ 1969 ‘ਚ ਬਣੀ ਯੂ. ਕੇ. ਦੀ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੀ ਕੇਂਦਰੀ ਕਮੇਟੀ ਦੇ ਪਹਿਲੇ ਜਨਰਲ ਸਕੱਤਰ ਅਤੇ ਬਾਨੀ ਮੈਂਬਰ ਸਨ, ਜਿਸ ਦੇ ਬਾਅਦ ‘ਚ ਉਹ ਪ੍ਰਧਾਨ ਵੀ ਬਣੇ।ਉਨ੍ਹਾਂ ਦੀਆਂ ਤਿੰਨ ਵਾਰਤਕ ਪੁਸਤਕਾਂ ਛਪਣ ਹਿੱਤ ਹਨ।ਅਵਤਾਰ ਸਾਦਿਕ ਨੇ ਸਮੇਂ-ਸਮੇਂ ਸਿਰੜੀ ਕਾਮਿਆਂ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਬਹੁਤ ਸਾਰੇ ਲੇਖ, ਨਿਬੰਧ ਅਤੇ ਚਲੰਤ ਮਸਲਿਆਂ ‘ਤੇ ਆਪਣੀ ਕਲਮ ਰਾਹੀਂ ਲੋਕਾਂ ਨੂੰ ਚੇਤੰਨ ਕੀਤਾ। 1964 ‘ਚ ਯੂ. ਕੇ. ‘ਚ ਬਤੌਰ ਅਧਿਆਪਕ ਆਉਣ ਵਾਲੇ ਅਵਤਾਰ ਸਾਦਿਕ ਲੈਸਟਰ ਸ਼ਹਿਰ ‘ਚ ਰਹਿੰਦਿਆਂ ਸਥਾਨਕ ਸਿਆਸਤ ‘ਚ ਵੀ ਸਰਗਰਮੀ ਨਾਲ ਵਿਚਰਦੇ ਰਹੇ।ਅਵਤਾਰ ਸਾਦਿਕ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਆਖਦਿਆਂ ਉਨ੍ਹਾਂ ਦੇ ਸਾਥੀ ਗੁਰਨਾਮ ਢਿੱਲੋਂ, ਸਰਵਣ ਜੱਫ਼ਰ, ਸਾਥੀ ਲੁਧਿਆਣਵੀ, ਮੁਸ਼ਤਾਕ, ਨਿਰਮਲ ਸਿੰਘ, ਅਮੀਨ ਮਲਿਕ, ਪ੍ਰਕਾਸ਼ ਆਜ਼ਾਦ, ਭੂਪਿੰਦਰ ਸੱਗੂ, ਡਾ. ਪ੍ਰੀਤਮ ਸਿੰਘ, ਨਾਵਲਕਾਰ ਮਹਿੰਦਰ ਧਾਲੀਵਾਲ, ਦਰਸ਼ਨ ਬੁਲੰਦਵੀ, ਡਾ. ਮੰਗਤ ਭਾਰਦਵਾਜ, ਦਿਆਲ ਬਾਗੜੀ, ਗੁਰਬਖ਼ਸ਼ ਕੌਰ ਦੁਸਾਂਝ, ਸੁਖਦੇਵ ਸਿੰਘ ਔਜਲਾ, ਹਰਸੇਵ ਬੈਂਸ, ਪ੍ਰਵੇਜ਼ ਫਤਹਿ, ਨਾਜ਼ਰ ਬਸਰਾਂ, ਅਵਤਾਰ ਉਪਲ, ਦਿਲਬੀਰ ਕੌਰ, ਅਜ਼ੀਮ ਸ਼ੇਖ਼ਰ, ਕੁਲਵੰਤ ਧਾਲੀਵਾਲ, ਕੁਲਵੰਤ ਕੌਰ ਢਿੱਲੋਂ, ਗੁਰਨਾਮ ਗਰੇਵਾਲ, ਮਨਜੀਤ ਕੌਰ ਪੱਡਾ, ਕਲਾਕਾਰ ਕੰਵਰ ਧਾਲੀਵਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।