ਲਿਬਰਲ ਸਰਕਾਰ ਦਾ ਨੈਸ਼ਨਲ ਸਕਿਓਰਿਟੀ ਸਲਾਹਕਾਰ ਜਲਦ ਹੋਣਗੇ ਸੇਵਾ ਮੁਕਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੌਮੀ ਸੁਰੱਖਿਆ ਸਲਾਹਕਾਰ ਡੈਨੀਅਲ ਜੀਨ ਛੇਤੀ ਹੀ ਸੇਵਾ ਮੁਕਤ ਹੋ ਰਹੇ ਹਨ ਅਤੇ ਅੰਦਰੂਨੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਰਕਾਰ ਬਾਰੇ ਕੀਤੀ ਵਿਵਾਦਤ ਟਿੱਪਣੀ ਦਾ ਸੇਵਾ ਮੁਕਤੀ ਨਾਲ ਕੋਈ ਸੰਬੰਧ ਨਹੀਂ। ਸੂਤਰਾਂ ਮੁਤਾਬਕ ਡੈਨੀਅਲ ਜੀਨ ਦੇ ਵਿਵਾਦ ਪੈਦਾ ਹੋਣ ਤੋਂ ਪਹਿਲਾਂ ਜਨਵਰੀ ‘ਚ ਕੈਨੇਡਾ ਸਰਕਾਰ ਨੂੰ ਅਹੁਦੇ ਛੱਡਣ ਦੇ ਇਰਾਦੇ ਬਾਰੇ ਦੱਸ ਦਿੱਤਾ ਸੀ। ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦਫਤਰ ਲਈ ਕੰਮ ਕਰਨ ਵਾਲੇ ਪ੍ਰਿਵੀ ਕੌਂਸਲ ਦਫਤਰ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ ਕਿ ਡੈਨੀਅਲ ਜੀਨ ਦੀ ਸੇਵਾ ਮੁਕਤੀ ਵਿਚਾਰ ਅਧੀਨ ਹੈ।
ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਰਹਿ ਚੁੱਕੇ ਡੈਨੀਅਨ ਜੀਨ ਮਈ 2016 ਤੋਂ ਟਰੂਡੋ ਦੇ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ। ਟਰੂਡੋ ਦੀ ਭਾਰਤ ਫੇਰੀ ਦੌਰਾਨ ਪੈਦਾ ਹੋਏ ਵਿਵਾਦ ਬਾਰੇ ਡੈਨੀਅਲ ਜੀਨ ਦੀ ਟਿੱਪਣੀ ਤੋਂ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਬੇਹੱਦ ਨਾਰਾਜ਼ ਹੋਈ ਸੀ। ਡੈਨੀਅਲ ਜੀਨ ਦੀ ਪਛਾਣ ਗੁਪਤ ਰਖਦਿਆਂ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਦੇ ਅੰਦਰੂਨੀ ਤੱਤਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਦਾਗਦਾਰ ਕੀਤਾ। ਮਾਮਲਾ ਐਨਾ ਭੱਖ ਗਿਆ ਕਿ ਕੈਨੇਡੀਅਨ ਸੰਸਦ ਦੀ ਕੌਮੀ ਸੁਰੱਖਿਆ ਕਮੇਟੀ ਨੇ ਜਸਪਾਲ ਅਟਵਾਲ ਮਾਮਲੇ ਦੀ ਸਮੀਖਿਆ ਕਰਨ ਦਾ ਐਲਾਨ ਕਰ ਦਿੱਤਾ। ਚੇਤੇ ਰਹੇ ਕਿ ਵਿਵਾਦ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸਮਾਗਮਾਂ ‘ਚ ਖਾਲਿਸਤਾਨੀ ਹਮਾਇਤੀ ਰਹੇ ਜਸਪਾਲ ਅਟਵਾਲ ਮੌਜੂਦਗੀ ‘ਚ ਹੋਈ ਸੀ। ਟਰੂਡੋ ਦੀ ਡਿਨਰ ਪਾਰਟੀ ਲਈ ਸੱਦਾ ਦੇਣ ਅਤੇ ਟਰੂਡੋ ਦੀ ਪਤਨੀ ਨਾਲ ਅਟਵਾਲ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਕੈਨੇਡੀਅਨ ਸਿਆਸਤ ਭਖ ਗਈ। ਕੌਮੀ ਸੁਰੱਖਿਆ ਸਲਾਹਕਾਰ ਤੋਂ ਜਵਾਬਤਲਬੀ ਲਈ ਕੰਜ਼ਰਵੇਟਿਵ ਪਾਰਟੀ ਨੇ ਮਤਾ ਪੇਸ਼ ਕੀਤਾ ਜਿਸ ਨੂੰ ਲਿਬਰਲਾਂ ਨੇ ਰੱਦ ਕਰ ਦਿੱਤਾ। ਕਈ ਹਫਤਿਆਂ ਦੀ ਆਨਾ-ਕਾਨੀ ਮਗਰੋਂ ਟਰੂਡੋ ਸਰਕਾਰ ਨੇ ਪਿਛਲੇ ਦਿਨੀਂ ਐਂਡਰਿਊ ਸ਼ੀਅਰ ਦੀਆਂ ਸ਼ਰਤਾਂ ਮੰਨਣ ਦਾ ਐਲਾਨ ਕਰ ਦਿੱਤਾ।
ਐਂਡਰਿਊ ਸ਼ੀਅਰ ਨੂੰ ਭੇਜੇ ਪੱਤਰ ‘ਚ ਕੈਨੇਡਾ ਦੀ ਕੌਮੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਬਾਰੇ ਤਾਲਮੇਲ ਤਹਿਤ ਕੰਮ ਕਰਨ ਦੇ ਸੰਕੇਤ ਦੇ ਦਿੱਤੇ ਗਏ। ਐਂਡਰਿਊ ਸ਼ੀਅਰ ਦੀ ਸਹਿਮਤੀ ਨੂੰ ਵੇਖਦਿਆਂ ਡੈਨੀਅਲ ਜੀਨ ਨੇ ਲੋਕ ਹਿਫਾਜ਼ਤ ਅਤੇ ਕੌਮੀ ਸੁਰੱਖਿਆ ਬਾਰੇ ਹਾਊਸ ਆਫ ਕਾਮਨਜ਼ ਦੀ ਸਥਾਈ ਕਮੇਟੀ ਨੂੰ ਪੱਤਰ ਲਿਖ ਕੇ ਟਰੂਡੋ ਦੀ ਭਾਰਤ ਫੇਰੀ ਨਾਲ ਸਬੰਧਤ ਅਨਕਲਾਸੀਫਾਈਡ ਵੇਰਵੇ ਪੇਸ਼ ਕਰਨ ਬਾਰੇ ਅਰਜ਼ੀ ਦਾਇਰ ਕਰ ਦਿੱਤੀ। ਹੁਣ ਸੇਵਾ ਮੁਕਤੀ ਤੋਂ ਪਹਿਲਾਂ ਡੈਨੀਅਲ ਜੀਨ ਦੁਆਰਾ ਇਸ ਮਾਮਲੇ ‘ਤੇ ਵਿਰੋਧੀ ਧਿਰ ਦੀ ਤਸੱਲੀ ਮੁਤਾਬਕ ਸਵਾਲਾਂ ਦੇ ਜਵਾਬ ਦਿੱਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।