
ਉਤਰੀ ਕੋਰੀਆ ਮੁੱਦੇ ‘ਤੇ ਚਰਚਾ ਲਈ ਦੁਨੀਆ ਭਰ ਦੇ ਵਿਦੇਸ਼ ਮੰਤਰੀਆਂ ਦੇ ਵੈਨਕੂਵਰ ‘ਚ ਹੋਣ ਵਾਲੇ ਸੰਮੇਲਨ ਵਿਚ ਚੀਨ ਹਿੱਸਾ ਨਹੀਂ ਲਵੇਗਾ। ਚੀਨ ਨੇ ਕਿਹਾ ਕਿ ਸੰਮੇਲਨ ਵਿਚ ਕੋਰੀਆਈ ਖਿੱਤੇ ਦੇ ਵਿਵਾਦ ਨਾਲ ਜੁੜੇ ਸਾਰੇ ਦੇਸ਼ਾਂ ਦੇ ਨਾਂ ਆਉਣ ਨਾਲ ਹੱਲ ਦੀ ਦਿਸ਼ਾ ਵਿਚ ਕੋਈ ਫ਼ੈਸਲਾ ਨਹੀਂ ਹੋਵੇਗਾ, ਇਸ ਲਈ ਉਹ ਇਸ ਵਿਚ ਹਿੱਸਾ ਨਹੀਂ ਲਵੇਗਾ। ਚੀਨ ਦਾ ਇਸ਼ਾਰਾ ਉਤਰੀ ਕੋਰੀਆ ਦੇ ਸੰਮੇਲਨ ਵਿਚ ਹਿੱਸਾ ਨਹੀਂ ਲੈਣ ਨਾਲ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਊ ਕਾਂਗ ਨੇ ਕਿਹਾ ਕਿ ਕੈਨੇਡਾ ਵਿਚ ਹੋਣ ਵਾਲੇ ਇਸ ਸੰਮੇਲਨ ਨਾਲ ਕੋਰੀਆਈ ਖਿੱਤੇ ਵਿਚ ਪੈਦਾ ਤਣਾਅ ਦੂਰ ਕਰਨ ਵਿਚ ਕੋਈ ਮਦਦ ਮਿਲਣ ਦੀ ਉਮੀਦ ਨਹੀਂ ਹੈ। ਅਮਰੀਕਾ ਤੇ ਕੈਨੇਡਾ ਦੀ ਮੇਜ਼ਬਾਨੀ ਵਿਚ ਇਹ ਸੰਮੇਲਨ 16 ਜਨਵਰੀ ਯਾਨੀ ਅੱਜ ਹੋ ਰਿਹਾ ਹੈ। ਸੰਮੇਲਨ ਦਾ ਮਕਸਦ ਉਤਰੀ ਕੋਰੀਆ ਦੇ ਪਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ ਦੇ ਵਿਰੋਧ ਵਿਚ ਕੌਮਾਂਤਰੀ ਇਕਜੁਟਤਾ ਪ੍ਰਦਰਸ਼ਤ ਕਰਨਾ ਹੈ।