ਖ਼ਾਲਸਾ ਏਡ ਦੇ ਹੱਕ ‘ਚ ਆਈਆਂ ਕੈਨੇਡੀਅਨ ਸਿਆਸੀ ਹਸਤੀਆਂ, ਕਿਹਾ ਅਸੀਂ ਖ਼ਾਲਸਾ ਏਡ ਦੇ ਨਾਲ ਹਾਂ
ਭਾਰਤ ਦੇ ਇੱਕ ਨਿੱਜੀ ਚੈਨਲ ਵੱਲੋਂ ਵਿਸ਼ਵ ਭਰ ‘ਚ ਆਪਣੇ ਇਨਸਾਨੀਅਤ ਅਤੇ ਨਿਰਸਵਾਰਥ ਸੇਵਾ ਕਰਨ ਲਈ ਮਸ਼ਹੂਰ ਸੰਸਥਾ ਖ਼ਾਲਸਾ ਏਡ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਅੱਤਵਾਦ ਤੱਕ ਨਾਲ ਜੋੜ੍ਹ ਦਿੱਤਾ ਗਿਆ, ਜਿਸ ਤੋਂ ਬਾਅਦ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਇਸਦੀ ਨਿੰਦਾ ਕੀਤੀ ਗਈ। ਇਸ ਤੋਂ ਬਾਅਦ ਸਾਰੀ ਦੁਨੀਆ ‘ਚੋਂ ਖ਼ਾਲਸਾ ਏਡ ਦੇ ਹਮਾਇਤੀ ਅਤੇ ਚਾਹੁਣ ਵਾਲਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਭਾਰਤੀ ਮੀਡੀਆ ਚੈਨਲ ਨੂੰ ਮੰਦਾ-ਚੰਗਾ ਤਾਂ ਬੋਲਿਆ ਹੀ ਗਿਆ, ਨਾਲ ਹੀ ਖ਼ਾਲਸਾ ਏਡ ਪ੍ਰਤੀ ਸਮਰਥਨ ਵੀ ਜਾਹਰ ਕੀਤਾ ਗਿਆ।

ਇਸ ਵਿਵਾਦ ਦਾ ਸੇਕ ਕੈਨੇਡਾ ਦੀ ਧਰਤੀ ਤੇ ਪਹੁੰਚਣਾ ਵੀ ਜਾਹਰ ਜਹੀ ਗੱਲ ਸੀ ਅਤੇ ਇਸੇ ਤਹਿਤ ਕੈਨੇਡੀਅਨ ਲੋਕਾਂ ਦੇ ਨਾਲ ਨਾਲ ਸਿਆਸੀ ਹਸਤੀਆਂ ਨੇ ਵੀ ਖ਼ਾਲਸਾ ਏਡ ਅਤੇ ਰਵੀ ਸਿੰਘ ਪ੍ਰਤੀ ਸਮਰਥਨ ਜਾਹਰ ਕਰਦੀਆਂ ਪੋਸਟਾਂ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ, ਜਿੰਨ੍ਹਾਂ ‘ਚੋ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ, ਸਰੀ ਤੋਂ ਰਣਦੀਪ ਸਰਾਏ, ਬਰੈਂਪਟਨ ਤੋਂ ਐਮਪੀਪੀ ਗੁਰਰਤਨ ਸਿੰਘ, ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਸ਼ਾਮਲ ਹਨ।

ਸੰਸਦ ਮੈਂਬਰ ਸੋਨੀਆ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਖ਼ਾਲਸਾ ਏਡ ਇਨਸਾਨੀਅਤ ਦੀ ਸੇਵਾ ਕਰਨ ‘ਚ ਲੱਗੀ ਹੋਈ ਹੈ ਅਤੇ ਉਹਨਾਂ ਨੂੰ ਇਸ ਮਹਾਂਮਾਰੀ ਦੌਰਾਨ ਖ਼ਾਲਸਾ ਏਡ ਨਾਲ ਮਿਲਕੇ ਕੰਮ ਕਰਨ ਦਾ ਸੁਭਾਗ ਪ੍ਰਾਪਤ ਵੀ ਹੋਇਆ ਸੀ। ਉਹਨਾਂ ਹੈਸ਼ਟੈਗ ਨਾਲ ਟਵੀਟ ਕਰਦਿਆਂ ਕਿਹਾ ਕਿ ਮੈਂ ਖ਼ਾਲਸਾ ਏਡ ਦੇ ਨਾਲ ਹਾਂ।

ਇਸ ਤੋਂ ਇਲਾਵਾ ਰੂਬੀ ਸਹੋਤਾ, ਰਣਦੀਪ ਸਰਾਏ ਅਤੇ ਗੁਰਰਤਨ ਸਿੰਘ ਨੇ ਵੀ ਖ਼ਾਲਸਾ ਏਡ ‘ਤੇ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਹਮਾਇਤ ਦਰਜ ਕਰਵਾਈ।