ਵਿਦੇਸ਼ੀ ਕਾਮਿਆਂ ‘ਤੇ ਮਿਹਰਬਾਨ ਹੋਈ ਕੈਨੇਡਾ ਸਰਕਾਰ, 27,300 ਵਰਕ ਪਰਮਿਟ ਹੋਲਡਰਾਂ ਨੂੰ ਮਿਲਿਆ ਪੀ.ਆਰ ਲਈ ਸੱਦਾ
ਕੈਨੇਡਾ ਇਮੀਗ੍ਰੇਸ਼ਨ ਵੱਲੋਂ ਅੱਜ ਕੱਢੇ ਗਏ ਐਕਸਪ੍ਰੈਸ ਐਂਟਰੀ ‘ਚ ਮਹਿਜ਼ 75 ਪੁਆਂਇੰਟਾਂ ਵਾਲੇ ਵਿਅਕਤੀਆਂ ਨੂੰ ਵੀ ਪੀਆਰ ਲਈ ਸੱਦਾ ਮਿਲਿਆ ਹੈ। ਜਿੰਨ੍ਹਾਂ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਨੇ ਐਕਸਪ੍ਰੈਸ ਐਂਟਰੀ ‘ਚ ਆਪਣੀ ਪੀਆਰ ਲਈ ਫਾਈਲ ਲਗਾਈ ਸੀ, ਅਤੇ ਉਹਨਾਂ ਕੋਲ ਇੱਕ ਸਾਲ ਦਾ ਕੈਨੇਡਾ ‘ਚ ਕੰਮ ਕਰਨ ਦਾ ਤਜ਼ੁਰਬਾ ਸੀ, ਉਹਨਾਂ ਨੂੰ ਪੀਆਰ ਲਈ ਆਈਟੀਏ ਮਿਲੀ ਹੈ।

ਸਿੱਧੇ ਸ਼ਬਦਾਂ ‘ਚ ਕਹੀਏ ਤਾਂ ਲਗਭਗ ਹਰ ਉਹ ਵਿਅਕਤੀ ਜੋ ਕੈਨੇਡਾ ‘ਚ ਹੈ ਅਤੇ ਜਿਸ ਕੋਲ ਇੱਕ ਸਾਲ ਦਾ ਕੈਨੇਡੀਅਨ ਤਜ਼ੁਰਬਾ ਹੈ, ਨੂੰ ਪੀਆਰ ਲਈ ਅਰਜ਼ੀ ਦੇਣ ਦਾ ਸੱਦਾ ਮਿਲਿਆ ਹੈ।

ਕੈਨੇਡੀਅਨ ਤਜ਼ਰਬੇ ਵਾਲੇ ਤਕਰੀਬਨ 27,300 ਕਾਮਿਆਂ ਨੂੰ ਅੱਜ ਪੱਕੇ ਨਿਵਾਸ ਲਈ ਅਰਜ਼ੀ ਦੇਣ ਦਾ ਸੱਦਾ ਮਿਲਿਆ ਹੈ। ਸਰਕਾਰ ਮੁਤਾਬਕ, ਇਹ ਕਾਮੇ ਐਕਸਪ੍ਰੈਸ ਐਂਟਰੀ ਪੂਲ ਦੀ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀਈਸੀ) ਦੇ ਅਧੀਨ ਆਉਂਦੇ ਹਨ। ਸਫਲ ਸੀ.ਈ.ਸੀ ਉਮੀਦਵਾਰਾਂ ਕੋਲ ਘੱਟੋ ਘੱਟ 1 ਸਾਲ ਦਾ ਕੈਨੇਡੀਅਨ ਕੰਮ ਦੇ ਤਜਰਬੇ ਨੇ ਇਹ ਸਾਬਤ ਕੀਤਾ ਹੈ ਕਿ ਉਹ ਸਾਡੀ ਆਰਥਿਕਤਾ ਵਿੱਚ ਯੋਗਦਾਨ ਪਾ ਸਕਦੇ ਹਨ ਅਤੇ ਟੈਕਸ ਅਦਾ ਕਰਦੇ ਹਨ। ਜਿਨ੍ਹਾਂ ਨੂੰ ਇਹ ਸੱਦਾ ਮਿਲਿਆ ਹੈ ਉਹਨਾਂ ਕੋਲ ਆਪਣੀ ਪੂਰੀ ਅਰਜ਼ੀ ਜਮ੍ਹਾ ਕਰਨ ਲਈ 90 ਦਿਨ ਹਨ।

ਇਹ ਹੁਣ ਤੱਕ ਦਾ ਸਭ ਤੋਂ ਵੱਧ ਹੈਰਾਨੀਜਨਕ ਅਤੇ ਇੰਨ੍ਹੇ ਘੱਟ ਪੁਆਇੰਟ ‘ਤੇ ਆਈਟੀਏ ਆਉਣ ਵਾਲਾ ਡ੍ਰਾਅ ਸਾਬਿਤ ਹੋਇਆ ਹੈ, ਜੋ ਕਿ ਕੈਨੇਡਾ ਰਹਿ ਰਹੇ ਵਿਦੇਸ਼ ਕਾਮਿਆਂ ਲਈ ਇੱਕ ਵੱਡੀ ਰਾਹਤ ਸਾਬਤ ਹੋਇਆ ਹੈ।