ਭਾਰਤੀ ਮੂਲ ਦੀ ਮਹਿਲਾ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ
ਭਾਰਤੀ ਮੂਲ ਦੀ ਮਹਿਲਾ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ

ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਨਵੀਂ ਕੈਨੇਡਾ ਦੀ ਰੱਖਿਆ ਮੰਤਰੀ ਵਜੋਂ ਚੁਣਿਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਪਣੀ ਕੈਬਨਿਟ ‘ਚ ਬਦਲਾਅ ਤਹਿਤ ਇਹ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਅਨੀਤਾ ਆਨੰਦ ਕੈਨੇਡਾ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਵਜੋਂ ਭੂਮਿਕਾ ਨਿਭਾਉਣਗੇ।

ਜ਼ਿਕਰਯੋਗ ਹੈ ਕਿ ਅਨੀਤਾ ਆਨੰਦ ਲੰਬੇ ਸਮੇਂ ਤੋਂ ਰੱਖਿਆ ਮੰਤਰੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਿੱਖ ਸਾਂਸਦ ਹਰਜੀਤ ਸਿੰਘ ਸੱਜਣ ਦੀ ਥਾਂ ਲਵੇਗੀ। ਮਿਲੀ ਜਾਣਕਾਰੀ ਅਨੁਸਾਰ, ਹਰਜੀਤ ਸਿੰਘ ਸੱਜਣ ਨੂੰ ਅੰਤਰਰਾਸ਼ਟਰੀ ਮਾਮਲਿਆਂ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਇੱਥੇ ਦੱਸਣਯੋਗ ਹੈ ਕਿ ਅਨੀਤਾ ਤੋਂ ਪਹਿਲਾਂ ਕੈਨੇਡਾ ਦੇ ਮਹਿਲਾ ਰੱਖਿਆ ਮੰਤਰੀ ਵਜੋਂ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਭੂਮਿਕਾ ਨਿਭਾ ਚੁੱਕੇ ਹਨ। ਗੌਰਤਲਬ ਹੈ ਕਿ ਉਹ 1993 ‘ਚ 4 ਜਨਵਰੀ ਤੋਂ 25 ਜੂਨ ਤੱਕ, ਤਕਰੀਬਨ 6 ਮਹੀਨਿਆਂ ਲਈ ਅਹੁਦੇ ‘ਤੇ ਬਣੇ ਰਹੇ ਸਨ।

ਦੱਸ ਦੇਈਏ ਕਿ ਉਪਰੋਕਤ ਰੱਖਿਆ ਮੰਤਰੀ ਤੋਂ ਇਲਾਵਾ ਇੱਕ ਹੋਰ ਭਾਰਤੀ ਮੂਲ ਦੀ ਕੈਨੇਡੀਅਨ ਕਮਲ ਖੇੜਾ ਨਾਮਕ ਮਹਿਲਾ ਨੇ ਸੀਨੀਅਰ ਨਾਗਰਿਕਾਂ ਲਈ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਇੱਥੇ ਦੱਸਣਯੋਗ ਹੈ ਕਿ ਜਸਟਿਸ ਟਰੂਡੋ ਦੀ ਨਵੀਂ ਬਣੀ ਕੈਬਨਿਟ ‘ਚ 6 ਮਹਿਲਾ ਮੰਤਰੀ ਸ਼ਾਮਲ ਹਨ, ਜਦਕਿ ਇਹਨਾਂ ਮੰਤਰੀਆਂ ‘ਚੋਂ 2 ਭਾਰਤੀ ਮੂਲ ਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਟਰੂਡੋ ਵੱਲੋਂ ਅਨੀਤਾ ਆਨੰਦ ਅਤੇ ਕਮਲ ਖਹਿਰਾ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਬਿਹਤਰੀਨ ਗਤੀਵਿਧੀਆਂ ਲਈ ਮਾਣ-ਸਨਮਾਨ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਅਨੀਤਾ ਆਨੰਦ ਨੇ ਨਿਯੁਕਤੀ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਹੈ ,”ਰਾਸ਼ਟਰੀ ਰੱਖਿਆ ਮੰਤਰੀ ਵਜੋਂ ਅੱਜ ਸਹੁੰ ਚੁੱਕਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਇਹ ਪੋਰਟਫੋਲੀਓ ਸੌਂਪਣ ਲਈ ਜਸਟਿਨ ਟਰੂਡੋ ਦਾ ਧੰਨਵਾਦ।”