ਕੈਨੇਡਾ ਆਉਣ ਦੀ ਉਡੀਕ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਇਮੀਗ੍ਰੇਸ਼ਨ ਕੈਨੇਡਾ ਨੇ ਦਿੱਤੀ ਰਾਹਤ!
ਕੋਵਿਡ-19 ਕਾਰਨ ਵਿਦੇਸ਼ਾਂ ‘ਚ ਬੈਠ ਕੇ ਆਨਲਾਈਨ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਕੈਨੇਡਾ ਨੇ ਇੱਕ ਰਾਹਤ ਭਰਿਆ ਐਲਾਨ ਕੀਤਾ ਹੈ। ਇਸ ਐਲਾਨ ਤਹਿਤ ਜੇਕਰ ਵਿਦਿਆਰਥੀ ਕੈਨੇਡਾ ਤੋਂ ਬਾਹਰ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰਦੇ ਹਨ ਤਾਂ ਵੀ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ। ਇਸ ਤੋਂ ਪਹਿਲਾਂ ਪੜ੍ਹਾਈ ਨੂੰ 50% ਕੈਨੇਡਾ ‘ਚ ਪੂਰਾ ਕਰਨਾ ਜ਼ਰੂਰੀ ਸੀ।

ਇਸ ਨਾਲ ਕੈਨੇਡਾ ਤੋਂ ਬਾਹਰ ਬੈਠੇ ਵਿਦਿਆਰਥੀ ਜੇਕਰ ਕੋਵਿਡ-19 ਸਖ਼ਤੀ ਕਾਰਨ ਕੈਨੇਡਾ ਨਹੀਂ ਆ ਪਾਉਂਦੇ ਤਾਂ ਵੀ ਉਹਨਾਂ ਕੋਲ ਵਰਕ ਪਰਮਿਟ ਅਪਲਾਈ ਕਰਨ ਦਾ ਮੌਕਾ ਹੋਵੇਗਾ। ਹਾਂਲਾਕਿ, ਵਿਦੇਸ਼ ‘ਚ ਬੈਠ ਕੇ ਕੈਨੇਡਾ ਦੇ ਕਾਲਜਾਂ ਦੀਆਂ ਫੀਸਾਂ ਭਰਨੀਆਂ ਮੁਸ਼ਕਲ ਸਾਬਤ ਹੁੰਦੀਆਂ ਹਨ ਪਰ ਇਸ ਨਾਲ ਵਿਦਿਆਰਥੀਆਂ ਨੂੰ ਇੱਕ ਰਾਹਤ ਜ਼ਰੂਰ ਮਿਲੀ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੈਨੇਡਾ ਦੇ ਅਰਥਚਾਰੇ ‘ਚ ਯੋਗਦਾਨ ਦੀ ਤਾਰੀਫ ਕਰਦਿਆਂ ਇਮੀਗ੍ਰਸ਼ਨ ਮੰਤਰੀ ਨੇ ਕਿਹਾ ਹੈ ਸਿਹਤ ਵਿਭਾਗ ਹੋਵੇ ਜਾਂ ਕਾਰੋਬਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੈਨੇਡਾ ਨੂੰ ਦੇਣ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਇਸੇ ਲਈ ਉਹਨਾਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।