ਕੈਨੇਡਾ ਦੇ ਚੋਣ ਮੈਦਾਨ ‘ਚ ਕਈ ਥਾਵੇਂ ਪੰਜਾਬੀ ਆਹਮੋ-ਸਾਹਮਣੇ, 50 ਦੇ ਕਰੀਬ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਹੱਥ ਪਾਰਟੀਆਂ ਦੀ ਜਿੱਤ-ਹਾਰ !!
canada-federal-elections-punjabi-candidates

ਕੈਨੇਡਾ ‘ਚ 21 ਅਕਤੂਬਰ ਨੂੰ ਫੈੱਡਰਲ ਭਾਵ ਆਮ ਚੋਣਾਂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦੀ ਚੋਣ ਕਰਨ ਵਾਲੀਆਂ ਇਹਨਾਂ ਚੋਣਾਂ ‘ਚ ਭਾਰਤੀ ਮੂਲ ਦੇ ਖਾਸਕਰ ਪੰਜਾਬੀ ਉਮੀਦਵਾਰ ਇਸ ਵਾਰ ਚੋਣ ਮੈਦਾਨ ‘ਚ ਨਿੱਤਰੇ ਹਨ।

ਗੱਲ ਚਾਹੇ ਵੋਟਰਾਂ ਦੀ ਹੋਵੇ ਜਾਂ ਉਮੀਦਵਾਰਾਂ ਦੀ, ਇਹਨਾਂ ਚੋਣਾਂ ‘ਚ ਭਾਰਤੀ-ਕੈਨੇਡੀਅਨ ਵੱਡਾ ਰੋਲ ਅਦਾ ਕਰ ਰਹੇ ਹਨ।

50 ਦੇ ਕਰੀਬ ਭਾਰਤੀ ਮੂਲ ਦੇ ਉਮੀਦਵਾਰਾਂ ‘ਚ 18 ਪੰਜਾਬਣਾਂ ਦੇ ਨਾਲ ਕਈ ਰਾਈਡਿੰਗਾਂ ਭਾਵ ਹਲਕਿਆਂ ‘ਚ ਪੰਜਾਬੀ ਹੀ ਪੰਜਾਬੀ ਨੂੰ ਟੱਕਰ ਦੇ ਰਹੇ ਹਨ। ਇਹਨਾਂ ‘ਚ ਬ੍ਰੈਂਪਟਨ ਵੈਸਟ ਤੋਂ ਕਮਲ ਖਹਿਰਾ, ਮੁਰਾਰੀਲਾਲ ਥਾਪਲੀਆਲ ਬ੍ਰੈਂਪਟਨ ਨਾਰਥ ਤੋਂ ਅਰਪਨ ਖੰਨਾ, ਰੂਬੀ ਸਹੋਤ, ਬ੍ਰੈਂਪਟਨ ਸਾਊਥ ਤੋਂ ਰਮਨਦੀਪ ਬਰਾੜ, ਸੋਨੀਆ ਸਿੱਧੂ, ਮਨਦੀਪ ਕੌਰ, ਬ੍ਰੈਂਪਟਨ ਸੈਂਟਰ ਤੋਂ ਰਮੇਸ਼ ਸੰਘਾ, ਪਰਮਜੀਤ ਗੋਸਲ, ਬਲਜੀਤ ਬਾਵਾ, ਅਤੇ ਬ੍ਰੈਂੋਟਨ ਈਸਟ ਤੋਂ ਸਰਨਜੀਤ ਸਿੰਘ, ਮੈਨੀ ਸਿੱਧੂ ਨਵਜੀਤ ਕੌਰ ਤੋਂ ਇਲਾਵਾ ਸੁੱਖ ਧਾਲੀਵਾਲ, ਹਰਜੀਤ ਸੱਜਣ ਅਤੇ ਨਵਦੀਪ ਬੈਂਸ ਵੀ ਇਸ ਦੌੜ ‘ਚ ਸ਼ਾਮਲ ਹਨ।

ਲਿਬਰਲ ਪਾਰਟੀ ਨੇ 20, ਕੰਸਰਵੇਟਿਵ ਨੇ 16, ਐੱਨ.ਡੀ.ਪੀ ਨੇ 12 ਅਤੇ ਪੀਪਲਜ਼ ਪਾਰਟੀ ਵੱਲੋਂ 5 ਭਾਰਤੀ ਮੂਲ ਦੇ ਉਮੀਦਵਾਰਾਂ ‘ਤੇ ਦਾਅ ਲਗਾਇਆ ਗਿਆ ਹੈ।

ਦੱਸ ਦੇਈਏ ਕਿ ਐੱਨ.ਡੀ.ਪੀ ਦੀ ਅਗਵਾਈ ਕਰ ਰਹੇ ਜਗਮੀਤ ਸਿੰਘ ਵੀ ਇਸ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਪਹਿਲੇ ਸਿੱਖ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਨਿੱਤਰੇ ਹਨ। ਹਾਂਲਾਕਿ ਉਹਨਾਂ ਦੀ ਪਾਰਟੀ ਤੀਸਰੇ ਨੰਬਰ ‘ਤੇ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਇਸ ਵਾਰ ਜਸਟਿਨ ਟਰੂਡੋ ਆਪਣੀ ਪਾਰਟੀ ਨੂੰ ਮੁੜ ਸੱਤਾ ‘ਚ ਲਿਆਉਣ ਲਈ ਜਿੱਥੇ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ, ਉੱਥੇ ਹੀ ਕੰਸਰਵੇਟਿਵ ਪਾਰਟੀ ਦੇ ਐਂਡਰਿਊ ਸ਼ੀਅਰ ਵੀ ਅੱਗੇ ਬਣੇ ਰਹਿਣ ਲਈ ਪੂਰਾ ਜ਼ੋਰ ਲਗਾ ਰਹੇ ਹਨ।

ਬਾਕੀ ਹੁਣ ਕੈਨੇਡੀਅਨ ਕਿਸਨੂੰ ਆਪਣਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ ਅਤੇ ਕਿਸ ਪਾਰਟੀ ਨੂੰ ਮੁਲਕ ਦੀ ਵਾਗਡੋਰ ਫੜਾਉਣਾ ਚਾਹੁੰਦੇ ਹਨ, ਇਹ 21 ਅਕਤੂਬਰ ਨੂੰ ਪਤਾ ਲੱਗ ਸਕੇਗਾ।