
ਕਨੇਡੀਅਨ ਵਿਅਕਤੀ ਨੂੰ ਪੁਰਾਣੇ ਕੱਪੜਿਆਂ ‘ਚ ਐਸਾ ਕੀ ਮਿਲਿਆ ਕਿ ਪਲਾਂ ‘ਚ ਹੀ ਬਣ ਗਿਆ ਕਰੋੜਪਤੀ
ਮਾਂਟਰੀਅਲ: ਕਿਸਮਤ ਦੇ ਸਿਤਾਰੇ ਆਖ਼ਿਰ ਕਦੋਂ ਬਦਲ ਜਾਣ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਇਸ ਖ਼ਬਰ ਬਾਰੇ ਜਾਣ ਕੇ ਤੁਹਾਨੂੰ ਵੀ ਜ਼ਰੂਰ ਹੈਰਾਨੀ ਹੋਵੇਗੀ ਤੇ ਤੁਸੀਂ ਵੀ ਕਹੋਗੇ, ਕਮਾਲ ਐ। ਕੈਨੇਡਾ ਦੇ ਮਾਂਟਰੀਅਲ ‘ਚ ਰਹਿ ਰਹੇ ਇਕ ਵਿਅਕਤੀ ਨੂੰ ਆਪਣੇ ਪੁਰਾਣੇ ਕੋਟ ‘ਚੋਂ ਕੁੱਝ ਐਸਾ ਮਿਲਿਆ ਕਿ ਉਸਦੀ ਕਿਸਮਤ ਨੂੰ ਬਦਲ ਕੇ ਹੀ ਰੱਖ ਦਿੱਤਾ। ਦਰਅਸਲ ਇਸ ਵਿਅਕਤੀ ਦਾ ਨਾਂਅ ਹੈ ਗ੍ਰੇਗੋਰੀਓ ਡੀ ਸੈਂਟਿਸ ਤੇ ਇਸਨੂੰ ਇੱਕ ਲਾਟਰੀ ਟਿਕਟ ਮਿਲੀ ਜੋ ਕਿ ਅਜੇ ਵੈਲਿਡ ਸੀ ਅਤੇ ਇਸ ਨੇ ਉਸ ਨੂੰ 1.75 ਮਿਲੀਅਨ ਕੈਨੇਡੀਅਨ ਡਾਲਰ (ਇਕ ਕਰੋੜ ਰੁਪਏ) ਦਾ ਮਾਲਕ ਬਣਾ ਦਿੱਤਾ। ਇਸ ਲਾਟਰੀ ਟਿਕਟ ਨੇ ਇਸ ਵਿਅਕਤੀ ਨੂੰ ਕਰੋੜਪਤੀ ਬਣਾ ਕੇ ਰੱਖ ਦਿੱਤਾ।
ਜਾਣਕਾਰੀ ਦਿੰਦਿਆਂ ਗ੍ਰੇਗੋਰੀਓ ਡੀ ਸੈਂਟਿਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਕਮਰਾ ਸਾਫ ਕਰਨ ਲਈ ਕਿਹਾ ਸੀ ਅਤੇ ਇੱਥੇ ਪੁਰਾਣੇ ਕੱਪੜੇ ਵੀ ਸਨ। ਸਫਾਈ ਦੌਰਾਨ ਉਸ ਨੂੰ ਆਪਣੇ ਇਕ ਕੋਟ ਦੀ ਜੇਬ ‘ਚੋਂ 10 ਮਹੀਨੇ ਪਹਿਲਾਂ ਖਰੀਦੀ ਲਾਟਰੀ ਦੀ ਟਿਕਟ ਮਿਲੀ। ਉਸ ਨੇ ਇਸ ਬਾਰੇ ਲਾਟਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਅਜੇ ਵੀ ਇਨਾਮ ਦਾ ਹੱਕਦਾਰ ਹੈ। ਜਦ ਉਸ ਨੂੰ ਪਤਾ ਲੱਗਾ ਕਿ ਉਹ 1.75 ਮਿਲੀਅਨ ਕੈਨੇਡੀਅਨ ਡਾਲਰ ਦਾ ਜੇਤੂ ਹੈ ਤਾਂ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।