ਪਿਕਸ ਸੰਸਥਾ ਦੇ ਬਾਨੀ ਚਰਨ ਪਾਲ ਗਿੱਲ ਨਹੀਂ ਰਹੇ

ਕੈਨੇਡਾ ਦੀ ਨਾਮੀ ਹਸਤੀ ਅਤੇ ਪੰਜਾਬੀ-ਕੈਨੇਡੀਅਨ ਭਾਈਚਾਰੇ ਦੀ ਨਾਮਵਰ ਸਖ਼ਸ਼ੀਅਤ, ਪਿਕਸ ਸੰਸਥਾ ਦੇ ਬਾਨੀ 2 ਫਰਵਰੀ, 2021 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ 84 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਮੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ।

ਚਰਨ ਪਾਲ ਗਿੱਲ ਸਿਹਤ ਸੁਰੱਖਿਆ, ਮਨੁੱਖੀ ਅਧਿਕਾਰਾਂ, ਅਤੇ ਲੇਬਰ ਭਾਈਚਾਰੇ ਦੀ ਸੁਰੱਖਿਆ ਅਤੇ ਅਧਿਕਾਰ ਜਿਹੇ ਮੁੱਦਿਆਂ ‘ਤੇ ਆਪਣੀ ਆਵਾਜ਼ ਉਠਾਉਂਦੇ ਰਹੇ ਸਨ। ਉਹਨਾਂ ਵੱਲੋਂ ਵੱਲੋਂ ਸੰਨ 1978 ਵਿਚ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਸਥਾਪਨਾ ਵੀ ਕੀਤੀ ਗਈ ਸੀ ਅਤੇ 2017 ਵਿੱਚ ਉਹਨਾਂ ਨੇ ਪਿਕਸ ਨਾਮੀ ਸੰਸਥਾ ਵਿੱਚ 30 ਸਾਲ ਕੰਮ ਕਰਨ ਤੋਂ ਬਾਅਦ ਰਿਟਾਇਰਮੈਂਟ ਲੈ ਲਈ ਸੀ।

ਉਨ੍ਹਾਂ ਦੀ ਯੋਗ ਅਗਵਾਈ ਅਤੇ ਅਣਥੱਕ ਯਤਨਾਂ ਸਦਕਾ ਪਿਕਸ ਸੰਸਥਾ ਕੈਨੇਡਾ ਵਿੱਚ ਇੱਕ ਵੱਡੀ ਕਮਿਊਨਟੀ ਸੰਗਠਨ ਵਜੋਂ ਵਿਕਸਤ ਹੋਈ ਅਤੇ ਇੱਥੇ ਕਮਿਊਨਟੀ ਨੂੰ ਭਾਸ਼ਾ ਅਤੇ ਸੈਟਲਮੈਂਟ ਸੇਵਾਵਾਂ, ਰੁਜ਼ਗਾਰ ਪ੍ਰੋਗਰਾਮ, ਬਜ਼ੁਰਗਾਂ ਲਈ ਰਿਹਾਇਸ਼, ਨੌਜਵਾਨਾਂ ਅਤੇ ਔਰਤਾਂ ਲਈ ਸਿਖਲਾਈ ਅਤੇ ਪ੍ਰੋਗਰਾਮ ਜਿਹੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਨੂੰ ਬਹੁਤ ਸਾਰੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਜਿਸ ਵਿੱਚ “Order of British Columbia” ਵੀ ਸ਼ਾਮਲ ਹੈ, ਜੋ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਉਦੇਸ਼ਾਂ ਦੇ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਲਈ ਮਿਲਿਆ ਸੀ।

ਪਿਕਸ ਸੁਸਾਇਟੀ ਦੇ ਬੋਰਡ, ਸਟਾਫ, ਅਤੇ ਮੈਨੇਜਮੈਂਟ ਨੇ ਉਹਨਾਂ ਦੀ ਯਾਦ ਵਿੱਚ ਕਈ ਨਵੇਂ ਫੈਸਲੇ ਲਏ ਹਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਸਕਣ।