ਕੈਨੇਡਾ ਨੇ ਭਾਰਤ, ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਕੀਤੀਆਂ ਰੱਦ
ਕੈਨੇਡਾ ਨੇ 30 ਦਿਨਾਂ ਲਈ ਭਾਰਤ ਅਤੇ ਪਾਕਿਸਤਾਨ ਤੋਂ ਯਾਤਰੀਆਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਅੱਜ ਸ਼ਾਮ ਕੈਨੇਡਾ ਦੇ ਸਮੇਂ ਦੇ ਹਿਸਾਬ ਨਾਲ, ਵੀਰਵਾਰ 22 ਅਪ੍ਰੈਲ 2021 ਨੂੰ ਅਰੰਭ ਹੋਣ ਵਾਲੀ ਹੈ।

ਇਹ ਫੈਸਲਾ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਪੀਲ ਖੇਤਰ ਦੇ ਮੇਅਰਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ ਭਾਰਤ ਵਿੱਚ ਵਧ ਰਹੇ ਕੋਰੋਨਾਵਾਇਰਸ ਕੇਸਾਂ ਦਾ ਹਵਾਲਾ ਦਿੰਦੇ ਹੋਏ ਉਡਾਣਾਂ ਉੱਤੇ ਪਾਬੰਦੀ ਲਾਉਣ ਦੇ ਬਾਅਦ ਆਇਆ ਹੈ।

ਉਨ੍ਹਾਂ ਨੇ ਇੱਕ ਸੰਯੁਕਤ ਪੱਤਰ ਵਿੱਚ ਲਿਖ ਕੇ ਪ੍ਰਧਾਨ ਮੰਤਰੀ ਟਰੂਡੋ ਨੂੰ ਅਪੀਲ ਕਰਦਿਆਂ ਕਿਹਾ ਸੀ,” ਬਾਰਡਰ ‘ਤੇ ਟੈਸਟਿੰਗ ਅਤੇ ਸੋਸ਼ਲ ਡਿਸਟੈਸਿੰਗ, ਅਤੇ ਇਕਾਂਤਵਾਸ ਕਰਨ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਫੌਰੀ ਲੋੜ ਹੈ, ਜਿਸ ਵਿਚ ਝੂਠੇ ਕੋਵਿਡ-19 ਟੈਸਟਿੰਗ ਡੌਕੂਮੈਂਟੇਸ਼ਨ, ਹੋਟਲ ‘ਚ ਇਕਾਂਤਵਾਸ ਕਰਨ ਦੇ ਬਜਾਏ ਜੁਰਮਾਨਾ ਭਰਨ ਦੀ ਚੋਣ ਕਰਨਾ ਆਦਿ ਸ਼ਾਮਲ ਹਨ, ਜਿਸ ਕਾਰਨ ਲਗਾਤਾਰ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

ਦੱਸ ਦੇਈਏ ਕਿ ਕੈਨੇਡਾ ਏਅਰਪੋਰਟ ‘ਤੇ ਪਹੁੰਚਣ ਵਾਲੇ ਯਾਤਰੀਆਂ ਵੱਲੋਂ ਕੋਵਿਡ19 ਦੀਆਂ ਝੂਠੀਆਂ ਨੈਗਟਿਵ ਰਿਪੋਰਟਾਂ ਦਿਖਾਈਆਂ ਜਾ ਰਹੀਆਂ ਸਨ।

ਇਸ ਤੋਂ ਪਹਿਲਾਂ ਅੱਜ ਕਨਜ਼ਰਵੇਟਿਵ ਲੀਡਰ ਐਰਿਨ ਓਟੂਲ ਨੇ ਅੱਜ ਨਿਊਜ ਕਾਨਫਰੰਸ ਵਿਚ ਕਿਹਾ। “ਸਾਨੂੰ ਨਵੇਂ ਕੋਵਿਡ ਦੇ ਰੂਪਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਅਤੇ ਹੋਰ ਫੈਲਣ ਤੋਂ ਰੋਕਣ ਲਈ ਜਲਦੀ ਕਦਮ ਵਧਾਉਣ ਦੀ ਲੋੜ ਹੈ। ਸਾਨੂੰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ। ਫੈਡਰਲ ਸਰਕਾਰ ਨੂੰ ਹੌਟਸਪੌਟ ਦੇਸ਼ਾਂ ਤੋਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ।”

ਦੱਸ ਦੇਈਏ ਕਿ ਭਾਰਤ ‘ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੈ ਕੇ ਹਾਲਾਤ ਚਿੰਤਾਜਨ ਬਣੇ ਹੋਏ ਹਨ ਅਤੇ ਮੁਲਕ ਇਸ ਸਮੇਂ ਆਕਸੀਜਨ ਅਤੇ ਹਸਪਤਾਲਾਂ ‘ਚ ਬੈੱਡਾਂ ਦੀ ਕਮੀ ਨਾਲ ਜੂਝ ਰਿਹਾ ਹੈ। ਪ੍ਰਤੀ ਦਿਨ ਆ ਰਹੇ ਕੇਸਾਂ ਦੇ ਮਾਮਲੇ ‘ਚ ਰਿਕਾਰਡਤੋੜ ਵਾਧਾ ਹੋਇਆ ਹੈ ਅਤੇ ਇੰਡੀਅਨ ਵੇਰੀਅੰਟ ਵਾਲਾ ਇਹ ਵਾਇਰਸ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ।