ਕੋਵਿਡ -19 : ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਹੋ ਸਕਦੈ ਬਿਲੀਅਨ ਡਾਲਰਾਂ ਦਾ ਨੁਕਸਾਨ !

Written by Ragini Joshi

Published on : October 12, 2020 10:57
ਕੋਵਿਡ -19 : ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਹੋ ਸਕਦੈ ਬਿਲੀਅਨ ਡਾਲਰਾਂ ਦਾ ਨੁਕਸਾਨ !

ਕੋਵਿਡ -19 ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਆਂ ਇਸ ਸਾਲ 3.4 ਬਿਲੀਅਨ ਡਾਲਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਜਿਹਾ ਮੰਨਣਾ ਹੈ ਸਟੈਟਿਸਟਿਕਸ ਕਨੇਡਾ ਦਾ, ਜਿਸਦੇ ਵੱਲੋਂ ਇਸਦਾ ਮੁੱਖ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਦੱਸਿਆ ਗਿਆ ਹੈ।

ਇਸ ਹਫ਼ਤੇ ਪ੍ਰਕਾਸ਼ਤ ਇਕ ਰਿਪੋਰਟ ਵਿਚ, ਸਟੈਟਿਸਟਿਕਸ ਕਨੇਡਾ ਨੇ 2020-2021 ਸਕੂਲ ਸਾਲ ਦੇ ਯੂਨੀਵਰਸਿਟੀ ਦੇ ਬਜਟ ਘਾਟੇ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।

ਏਜੰਸੀ ਨੇ ਕਿਹਾ ਕਿ ਹਰ ਸਾਲ ਟਿਊਸ਼ਨ ਫੀਸ ਯੂਨੀਵਰਸਿਟੀ ਮਾਲੀਆ ਦਾ ਵੱਡਾ ਹਿੱਸਾ ਬਣਦੀ ਹੈ। ਸਾਲ 2013-2014 ਵਿੱਚ, ਟਿਊਸ਼ਨ ਫੀਸਾਂ ਦਾ ਸਕੂਲ ਫੰਡਾਂ ਵਿੱਚ 24.7 ਪ੍ਰਤੀਸ਼ਤ ਦਾ ਯੋਗਦਾਨ ਰਿਹਾ ਜਦਕਿ 2018-2019 ਵਿੱਚ ਵੱਧ ਕਿ ਇਹ 29.4% ਹੋ ਗਿਆ ਜਦਕਿ ਸਭ ਤੋਂ ਵੱਡਾ ਹਿੱਸਾ ਸਰਕਾਰੀ ਫੰਡਾਂ ਵਿਚੋਂ ਆਉਂਦਾ ਹੈ ਜੋ ਕਿ 45.8 ਫੀਸਦ ਹੈ।

ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਟਿਊਸ਼ਨ ਫੀਸਾਂ ਦੇ ਅਨੁਪਾਤ ਵਿੱਚ ਵਾਧਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਕਾਰਨ ਹੋਇਆ ਹੈ, ਜੋ ਜ਼ਿਆਦਾ ਫੀਸ ਅਦਾ ਕਰਦੇ ਹਨ – ਕੈਨੇਡੀਅਨ ਨਾਗਰਿਕਾਂ ਨਾਲੋਂ ਲਗਭਗ ਪੰਜ ਗੁਣਾ ਜ਼ਿਆਦਾ।

2017-2018 ਵਿਚ, ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਕੱਲੇ ਟਿਊਸ਼ਨ ਫੀਸਾਂ ਦਾ ਲਗਭਗ 40 ਪ੍ਰਤੀਸ਼ਤ ਭੁਗਤਾਨ ਕੀਤਾ ਸੀ।

ਇਸ ਲਈ, ਸਟੈਟਿਸਟਿਕਸ ਕੈਨੇਡਾ ਨੇ ਕਿਹਾ, ਇਸ ਵਿਦਿਅਕ ਵਰ੍ਹੇ ਵਿੱਚ ਯੂਨੀਵਰਸਿਟੀਆਂ ਨੂੰ 377 ਮਿਲੀਅਨ ਡਾਲਰ ਤੋਂ 3.4 ਬਿਲੀਅਨ – 0.8 ਫ਼ੀਸਦੀ ਤੋਂ ਕੁੱਲ ਮਾਲੀਆ ਦਾ 7.5 ਪ੍ਰਤੀਸ਼ਤ ਦੇ ਵਿਚਕਾਰ ਘਾਟਾ ਪੈ ਸਕਦਾ ਹੈ।

2020 ਵਿਚ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 58 ਪ੍ਰਤੀਸ਼ਤ ਘੱਟ ਪਰਮਿਟ ਜਾਰੀ ਕੀਤੇ ਗਏ ਸਨ।

ਯੂਨੀਵਰਸਿਟੀਜ਼ ਕਨੇਡਾ ਦੇ ਬਾਹਰੀ ਸੰਬੰਧਾਂ ਅਤੇ ਖੋਜ ਨਿਰਦੇਸ਼ਕ ਵੈਂਡੀ ਥੈਰਿਅਨ ਨੇ ਕਿਹਾ ਕਿ ਇਹ ਦੱਸਣਾ ਬਹੁਤ ਜਲਦ ਹੋਵੇਗਾ ਕਿ ਮਹਾਂਮਾਰੀ ਦਾ ਯੂਨੀਵਰਸਿਟੀ ਦੇ ਬਜਟ ਜਾਂ ਰਜਿਸਟ੍ਰੇਸ਼ਨ ਤੇ ਅਸਰ ਪਵੇਗਾ ਜਾਂ ਨਹੀਂ।

ਉਹਨਾਂ ਕਿਹਾ, ਹਾਲਾਂਕਿ, ਫੈਡਰਲ ਸਰਕਾਰ ਦੇ ਕਨੈਜੈਂਸੀ ਰਿਸਪਾਂਸ ਬੈਨੀਫਿਟ (ਸੀਈਆਰਬੀ) ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸਾਲ ਸਕੂਲ ਵਾਪਸ ਜਾਣ ‘ਚ ਸਹਾਇਤਾ ਕੀਤੀ ਸੀ। ਇਸ ਤੋਂ ਇਲਾਵਾ ਯੂਨੀਵਰਸਟੀਆਂ ਵੀ ਮਹਾਂਮਾਰੀ ਨਾਲ ਸਬੰਧਤ ਯਾਤਰਾ ਪਾਬੰਦੀਆਂ ਨੂੰ ਅਪਣਾ ਰਹੀਆਂ ਹਨ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਰਿਮੋਟਲੀ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਆਗਿਆ ਦੇ ਰਹੀਆਂ ਹਨ।