ਬਾਲਪਣ ਦੀਆਂ ਉਹ ਖੇਡਾਂ ਯਾਦ ਆ ਜਾਂਦੀਆਂ ਹਨ ਤਾਂ ਮਨ ਬਚਪਨ ਦੀਆਂ ਯਾਦਾਂ ਵਿੱਚ ਚਲਿਆ ਜਾਂਦਾ ਹੈ
ਬਾਲਪਣ ਦੇ ਦਿਨ ਵੀ ਕੀ ਦਿਨ ਸਨ ।ਬਾਲਪਣ ਦੀਆਂ ਉਹ ਖੇਡਾਂ ਯਾਦ ਆ ਜਾਂਦੀਆਂ ਹਨ ਤਾਂ ਮਨ ਬਚਪਨ ਦੀਆਂ ਯਾਦਾਂ ਵਿੱਚ ਚਲਿਆ ਜਾਂਦਾ ਹੈ
ਅਤੇ ਦਿਲ ਕਰਦਾ ਹੈ ਕਿ ਇੱਕ ਵਾਰ ਫਿਰ ਬਚਪਨ ਦੇ ਉਨਾਂ ਦਿਨਾਂ ਵਿੱਚ ਚਲੇ ਜਾਈਏ ।ਪੰਜਾਬ ਦੇ ਸਿੱਧੇ ਸਾਦੇ ਲੋਕ ਅਤੇ ਉਨਾਂ ਦੀਆਂ ਖੇਡਾਂ ਵੀ
ਬਹੁਤ ਸਿੱਧੀਆਂ ਸਾਦੀਆਂ ਹੁੰਦੀਆਂ ਨੇ। ਉਂਝ ਤਾਂ ਪੰਜਾਬ ਵਿੱਚ ਬੱਚਿਆਂ ਵੱਲੋਂ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਅੱਜ ਕੱਲ ਕੰਪਿਊਟਰ
ਅਤੇ ਟੀ ਵੀ ਦੇ ਆਉਣ ਨਾਲ ਇਹ ਲੋਕ ਖੇਡਾਂ ਵਿਸਾਰ ਦਿੱਤੀਆਂ ਗਈਆਂ ਹਨ । ਪਰ ਕਈ ਥਾਈਂ ਅਜੇ ਵੀ ਬੱਚੇ ਇਹ ਖੇਡਾਂ ਖੇਡਦੇ ਨਜ਼ਰ ਆ
ਜਾਂਦੇ ਹਨ ।ਪੰਜਾਬ ਦੀ ਇੱਕ ਲੋਕ ਖੇਡ ਹੈ ‘ਬਿੱਲੀ ਮਾਸੀ’ । ਇਸ ਖੇਡ ਵਿੱਚ ਇੱਕ ਬੱਚਾ ਕਲਪਿਤ ਰੂਪ ਵਿੱਚ ਅਦਾਕਾਰੀ ਕਰਦਾ ਹੋਇਆ ਗੋਲ
ਦਾਇਰਾ ਬਣਾ ਕੇ ਘੇਰੇ ਵਿਚਲੇ ਬੱਚਿਆਂ ਦੀਆਂ ਹਥੇਲੀਆਂ ਤੇ ਵਸਤਾਂ ਵੰਡਣ ਦਾ ਨਾਟਕ ਕਰਦਾ ਹੈ ਅਤੇ ਲੈਅਮਈ ਅੰਦਾਜ਼ ‘ਚ ਕੁਝ ਇਸ ਤਰਾਂ
ਬੋਲਦਾ ਹੈ ….

ਇੱਥੇ ਘਿਉ ਦੀ ਚੂਰੀ
ਇੱਥੇ ਦਹੀਂ ਦੀ ਫੁੱਟੀ
ਇੱਥੇ ਗੁੜ ਦੀ ਰੋੜੀ

ਦੂਜਾ ਬੱਚਾ ਘੇਰੇ ਵਿੱਚ ਪ੍ਰਵੇਸ਼ ਕਰਕੇ ਬਿੱਲੀ ਦੀ ਅਦਾਕਾਰੀ ਕਰਦਾ ਹੋਇਆ ਚੀਜ਼ਾਂ ਚੋਰੀ ਕਰਨ ਦੀ ਨਕਲ ਕਰਦਾ ਹੈ । ਖਾਣ ਪੀਣ ਵਾਲੀਆਂ ਚੀਜ਼ਾਂ
ਦੀ ਚੋਰੀ ਕਰਕੇ ਉਹ ਬੱਚਾ ਭੱਜ ਜਾਂਦਾ ਹੈ ਅਤੇ ਇਸ ਤੋਂ ਬਾਅਦ ਬੱਚੇ ਘੇਰਾ ਤੋੜ ਕੇ ਦੌੜ  ਜਾਂਦੇ ਹਨ ਅਤੇ ਲੈਅ ਮਈ ਤਰੀਕੇ ਨਾਲ ਬੋਲਦੇ ਹੋਏ ਬੱਚੇ
ਅੱਗੇ ਪਿੱਛੇ ਦੌੜਦੇ ਹਨ ਅਤੇ ਇਸ ਤਰਾਂ ਬੋਲਦੇ ਜਾਂਦੇ ਹਨ ।
ਬਿੱਲੀਏ ਬਿੱਲੀਏ ਚੂਰੀ ਤੂੰ ਖਾਧੀ
ਮਾਸੀ ਮਾਸੀ ਮੈਂ ਨਹੀਂ ਖਾਧੀ
ਬਿੱਲੀਏ ਬਿੱਲੀਏ ਦਹੀਂ ਦੀ ਫੁੱਟੀ ਤੂੰ ਖਾਧੀ
ਅੱਗੋਂ ਰਟਿਆ ਰਟਾਇਆ ਉਹੀ ਜਵਾਬ ਮਿਲਦਾ ਹੈ
ਮਾਸੀ ਮਾਸੀ ਮੈਂ ਨਹੀਂ ਖਾਧੀ

ਇੰਝ ਪੰਜਾਬ ਦੀ ਇਸ ਲੋਕ ਖੇਡ ‘ਚ ਬੱਚੇ ਇੱਕ ਦੂਸਰੇ ਦੇ ਪਿੱਛੇ ਭੱਜਦੇ ਹੋਏ ਖੁਸ਼ੀ ਪ੍ਰਗਟ ਕਰਦੇ ਹੋਏ ਖਾਣਾ ਚੋਰੀ ਕਰਨ ਵਾਲੇ ਨੂੰ ਲੱਭਣ ਦੇ ਮਕਸਦ ਨਾਲ ਦੌੜਦੇ ਭੱਜਦੇ ਹਨ । ਇਸ ਤੋਂ ਇਲਾਵਾ ਗੁੱਲੀ ਡੰਡਾ ,ਕੋਟਲਾ ਸ਼ਪਾਕੀ ਕਿੱਕਲੀ ,ਬਾਂਦਰ ਕਿੱਲਾ ,ਸੰਗਲੀ ਸਣੇ ਹੋਰ ਕਈ ਲੋਕ ਖੇਡਾਂ ਹਨ ਜਿਨ੍ਹਾਂ ਨੂੰ ਬੱਚੇ ਖੇਡਦੇ ਨੇ ਪਰ ਅੱਜਕੱਲ੍ਹ ਬਾਲਪਣ ਦੀਆਂ ਇਹ ਖੇਡਾਂ ਵਿੱਸਰ ਚੁੱਕੀਆਂ ਨੇ ।