ਹੈਮਿਲਟਨ ਵਿਖੇ QEW ‘ਤੇ ਤੜਕ ਸਾਰ ਵਾਪਰਿਆ ਭਿਆਨਕ ਹਾਦਸਾ, ਇੱਕ ਵਿਅਕਤੀ ਦਾ ਦਿਹਾਂਤ
ਹੈਮਿਲਟਨ ਵਿੱਚ QEW ‘ਤੇ ਤੜਕ ਸਾਰ ਵਾਪਰੇ ਹਾਦਸੇ ‘ਚ ਇੱਕ ਵਿਅਕਤੀ ਦੇ ਦਿਹਾਂਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਹਾਦਸਾ ਸਵੇਰੇ 6 ਵਜੇ ਤੋਂ ਬਾਅਦ ਫਰੂਟਲੈਂਡ ਰੋਡ ਤੋਂ ਲਗਾਤਾਰ ਚੱਲ ਰਹੇ ਹਾਈਵੇਅ ਦੇ ਫੋਰਟ ਏਰੀ-ਬਾਉਂਡ ਲੇਨਾਂ ਵਿੱਚ ਵਾਪਰਿਆ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਇੱਕ ਕਾਰ ਇੱਕ ਟਰੈਕਟਰ ਟ੍ਰੇਲਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਤੇ ਇਸ ਭਿਆਨਕ ਹਾਦਸੇ ‘ਚ ਇੱਕ ਵਿਅਕਤੀ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ।

ਸਮਿੱਟ ਨੇ ਦੱਸਣ ਮੁਤਾਬਕ ਹਾਦਸਾਗ੍ਰਸਤ ਹੋਏ ਵਾਹਨ ਦੇ ਚਾਲਕ ਨੂੰ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਹਾਦਸੇ ਦੇ ਚਲਦੇ ਜਾਰੀ ਜਾਂਚ ਕਾਰਨ ਫੋਰਟ ਏਰੀ ਵੱਲ ਜਾਣ ਵਾਲੀਆਂ ਲੇਨਾਂ ਜ਼ਿਆਦਾਤਰ ਸਵੇਰ ਦੇ ਸਮੇਂ ਲਈ ਬੰਦ ਰਹਿਣਗੀਆਂ।

ਜਾਂਚ ਸਬੰਧੀ ਸਬੂਤਾਂ ਦੀ ਭਾਲ ‘ਚ ਜੁਟੀ ਸਥਾਨਕ ਪੁਲਿਸ ਨੇ ਕਿਹਾ “ਇਸ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਵੀ ਵਿਅਕਤੀ ਜਾਂ ਕੋਈ ਵੀ ਗਵਾਹ, ਜਿਸਨੇ ਅੱਜ ਸਵੇਰੇ ਛੇ ਵਜੇ ਤੋਂ ਬਾਅਦ ਵਾਪਰੇ ਇਸ ਹਾਦਸੇ ਨੂੰ ਅੱਖੀਂ ਦੇਖਿਆ ਹੋਵੇ ਜਾਂ ਉਸਨੂੰ ਉਸ ਸਮੇਂ ਟ੍ਰੈਫਿਕ/ ਉਪਰੋਕਤ ਵਾਹਨਾਂ ਦੀ ਸਪੀਡ ਬਾਰੇ ਪਤਾ ਹੋਵੇ ਤਾਂ ਕ੍ਰਿਪਾ ਕਰਕੇ ਬਰਲਿੰਗਟਨ OPP ਨੂੰ ਕਾਲ ਕਰ ਸਕਦਾ ਹੈ।

ਦੱਸ ਦੇਈਏ ਕਿ ਇਸ ਹਾਦਸੇ ਬਾਰੇ ਸਥਾਨਕ ਪੁਲਿਸ ਵੱਲੋਂ ਵੀ ਲਗਾਤਾਰ ਤਫ਼ਤੀਸ਼ ਕੀਤੀ ਜਾ ਰਹੀ ਹੈ।