
ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ ਪ੍ਰੋਗਰਾਮ ਅਧੀਨ ਹੋਰ ਪੈਸੇ
-ਕਿਹਾ ਐੱਮ.ਪੀ ਸੋਨੀਆ ਸਿੱਧੂ ਨੇ
ਬਰੈਂਪਟਨ – ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਫ਼ੈਮਿਲੀਜ, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ ਵਿਏ ਡੁਕਲੋ ਦੀ ਤਰਫ਼ੋਂ ਜਾਣਕਾਰੀ ਦਿੰਦਿਆ ਹੋਇਆਂ ਦੱਸਿਆ ਕਿ ਸਾਡੇ ਸੀਨੀਅਰਜ਼ ਲਈ ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਉਨ੍ਹਾਂ ਨੂੰ ਓਲਡ ਏਜ ਸਕਿਉਰਿਟੀ (ਓ.ਏ.ਐੱਸ) ਪ੍ਰੋਗਰਾਮ ਅਧੀਨ ਮਿਲਣ ਵਾਲੇ ਲਾਭਾਂ ਵਿਚ ਸਰਕਾਰ ਵੱਲੋਂ ਪਹਿਲੀ ਜੁਲਾਈ ੨੦੧੮ ਤੋਂ ਵਾਧਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਇਸ ਵਾਧੇ ਨਾਲ ਓਏਐੱਸ ਅਤੇ ਜੀਆਈਐੱਸ (ਗਰੰਟੀਡ ਇਨਕਮ ਸਪਲੀਮੈਂਟ) ਪ੍ਰਾਪਤ ਕਰਨ ਵਾਲੇ ਇਕੱਲੇ ਭਾਵ ਸਿੰਗਲ ਸੀਨੀਅਰ ਜਿਸ ਨੂੰ ਕਿਸੇ ਹੋਰ ਸਾਧਨ ਤੋਂ ਆਮਦਨ ਨਹੀਂ ਹੈ, ਨੂੰ ਮੌਜੂਦਾ ਮਿਲਣ ਵਾਲੇ ਲਾਭਾਂ ਨਾਲੋਂ ਹੁਣ ੧੭੨੮.੮੪ ਡਾਲਰ ਸਲਾਨਾ ਵਧੇਰੇ ਮਿਲਣਗੇ।
ਸੀਨੀਅਜ਼ ਦੀ ਭਲਾਈ ਕੈਨੇਡਾ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ ਅਤੇ ਉਹ ਇਸ ਦੇ ਲਈ ਗਾਹੇ-ਬਗਾਹੇ ਯੋਗ ਕਦਮ ਉਠਾਉਂਦੀ ਰਹਿੰਦੀ ਹੈ। ਏਸੇ ਲਈ ਉਨ੍ਹਾਂ ਲਈ ਓ.ਏ.ਐੱਸ ਅਤੇ ਜੀ.ਆਈ.ਐੱਸ ਲਾਭਾਂ ਲਈ ਯੋਗ ਹੋਣ ਦੀ ਉਮਰ ੬੭ ਸਾਲ ਤੋਂ ੬੫ ਸਾਲ ਕੀਤੀ ਗਈ ਸੀ ਤਾਂ ਕਿ ਉਹ ਆਪਣੀ ਉਮਰ ਦਾ ਆਖ਼ਰੀ ਪੜਾਅ ਗ਼ਰੀਬੀ ਦੀ ਹਾਲਤ ਵਿਚ ਨਾ ਗੁਜ਼ਾਰਨ।
ਸਰਕਾਰ ਵੱਲੋਂ ਸੀਨੀਅਰਜ਼ ਦੇ ਇਨ੍ਹਾਂ ਲਾਭਾਂ ਵਿਚ ਕੀਤਾ ਗਿਆ ਇਹ ਵਾਧਾ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਕੈਨੇਡਾ-ਵਾਸੀਆਂ ਨੂੰ ਦਿੱਤੀ ਜਾ ਰਹੀ ਓ.ਏ.ਐੱਸ ਸਹੂਲਤ ਵਿਚ ਭਵਿੱਖ ਵਿਚ ਕਿਸੇ ਕਿਸਮ ਦੀ ਕੱਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਸ ਉੱਪਰ ਆਪਣਾ ਪ੍ਰਤੀਕ੍ਰਮ ਦਿੰਦਿਆਂ ਹੋਇਆਂ ਸੋਨੀਆ ਨੇ ਕਿਹਾ,”ਸਾਰੇ ਸੀਨੀਅਰਜ਼ ਲਈ ਸੁਰੱਖ਼ਿਅਤ, ਮਾਇਕ-ਪੱਖੋਂ ਸਕਿਉਰ ਅਤੇ ਸਨਮਾਨਯੋਗ ਰਿਟਾਇਰਮੈਂਟ ਜ਼ਰੂਰੀ ਹੈ। ਓਲਡ ਏਜ ਸਕਿਉਰਿਟੀ ਅਤੇ ਜੀ.ਆਈ.ਐੱਸ ਦੇ ਲਾਭਾਂ ਲਈ ਉਮਰ ਦੀ ਹੱਦ ੬੫ ਸਾਲ ਹੋਣ ਤੇ ਅਸੀਂ ਬਰੈਂਪਟਨ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਰਹਿ ਰਹੇ ਸੀਨੀਅਰਜ਼ ਦੇ ਜੀਵਨ-ਪੱਧਰ ਨੂੰ ਸੁਧਾਰਨ ਲਈ ਅਹਿਮ ਕਦਮ ਉਠਾ ਰਹੇ ਹਾਂ, ਖ਼ਾਸ ਤੌਰ ‘ਤੇ ਉਨ੍ਹਾਂ ਦੇ ਲਈ ਜਿਨ੍ਹਾਂ ਨੂੰ ਇਸ ਦੀ ਵਧੇਰੇ ਜ਼ਰੂਰਤ ਹੈ।”
ਉਨ੍ਹਾਂ ਕਿਹਾ ਕਿ ਓ.ਏ.ਐੱਸ ਪ੍ਰੋਗਰਾਮ ਦਾ ਮਨੋਰਥ ਸੀਨੀਅਰਜ਼ ਲਈ ਘੱਟੋ-ਘੱਟ ਆਮਦਨੀ ਨੂੰ ਯਕੀਨੀ ਬਨਾਉਣਾ ਹੈ। ਇਨ੍ਹਾਂ ਓ.ਏ.ਐੱਸ ਲਾਭਾਂ ਵਿਚ ਬੇਸਿਕ ਪੈੱਨਸ਼ਨ ਜਿਹੜੀ ਕਿ ੬੫ ਸਾਲ ਦੀ ਉਮਰ ਦੇ ਸੀਨੀਅਰਾਂ ਨੂੰ ਮਿਲਦੀ ਹੈ ਜੋ ਇਸ ਦੇ ਲਈ ਕੈਨੇਡਾ ਵਿਚ ਰਹਿਣ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ। ਇਸ ਤੋਂ ਇਲਾਵਾ ਘੱਟ ਆਮਦਨੀ ਵਾਲਿਆਂ ਨੂੰ ਜੀ.ਆਈ.ਐੱਸ ਦੀ ਸਹੂਲਤ ਵੀ ਉਪਲੱਭਧ ਹੈ।