ਵਾਰਿਸ ਭਰਾ ਅੱਜ ਟੋਰਾਂਟੋ ‘ਚ ਕਰਨ ਜਾ ਰਹੇ ਹਨ ਆਪਣਾ ਪੰਦ੍ਰਵਾਂ ਪੰਜਾਬੀ ਵਿਰਸਾ
ਕਮਲਹੀਰ,ਸੰਗਤਾਰ ਅਤੇ ਮਨਮੋਹਨ ਵਾਰਿਸ ਅੱਜ ਟੋਰਾਂਟੋ ‘ਚ ਆਪਣੀ ਗਾਇਕੀ ਦੇ ਪੱਚੀ ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਪ੍ਰੋਗਰਾਮ ਪੇਸ਼ ਕਰ ਰਹੇ ਨੇ ।ਕਮਲਹੀਰ ਨੇ ਇਸਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਪਾ ਕੇ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਕਿਹਾ ਕਿ ਟੋਰਾਂਟੋ ‘ਚ ਉਹ ਪੰਜਾਬੀ ਵਿਰਸੇ ਨੂੰ ਪੰਦਰਵੀਂ ਵਾਰ ਪੇਸ਼ ਕਰਨਗੇ ਅਤੇ ਟੋਰਾਂਟੋ ਦੇ ਸੀਏਏ ਸੈਂਟਰ ‘ਚ ਇਹ ਪ੍ਰੋਗਰਾਮ ਹੋਵੇਗਾ । ਇਸ ਪ੍ਰੋਗਰਾਮ ‘ਚ ਇਹ ਤਿੰਨੇ ਭਰਾ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ ।ਕਮਲਹੀਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ । ਪਰ ‘ਕੈਂਠੇ ਵਾਲਾ’ ਨੇ ਉਨ੍ਹਾਂ ਨੂੰ ਖਾਸ ਪਹਿਚਾਣ ਦਿਵਾਈ । ਉਨ੍ਹਾਂ ਦਾ ਜਨਮ ਪਿੰਡ ਹੱਲੂਵਾਲ ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਲਈ ।ਇਸ ਤੋਂ ਬਾਅਦ ਉਹ ਉੱਨੀ ਸੌ ਨੱਬੇ ‘ਚ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ।

ਉਨ੍ਹਾਂ ਨੇ ਆਪਣੇ ਵੱਡੇ ਭਰਾ ਸੰਗਤਾਰ ਨਾਲ ਕੰਪੋਜ਼ਿਗ ਸਿੱਖੀ ਅਤੇ ਉੱਨੀ ਸੌ ਤਰਾਨਵੇਂ ‘ਚ ਉਨ੍ਹਾਂ ਨੇ ਆਪਣੇ ਭਰਾ ਅਤੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦੀ ਐਲਬਮ ‘ਗੈਰਾਂ ਨਾਲ ਪੀਂਘਾ ਝੂਟਦੀਏ’ ਨੂੰ ਕੰਪੋਜ਼ ਕੀਤਾ । ਉੱਨੀ ਸੌ ਨੜਿਨਵੇਂ ਤੱਕ ਉਨ੍ਹਾਂ ਨੇ ਕੰਪੋਜਿੰਗ ਦਾ ਕੰਮ ਜਾਰੀ ਰੱਖਿਆ । ਫਿਰ ਕਮਲਹੀਰ ਦੋ ਹਜ਼ਾਰ ‘ਚ ਉਨ੍ਹਾਂ ਦੀ ਐਲਬਮ ‘ਕਮਲੀ’ ਆਈ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਜਿਸਦੀ ਉਮੀਦ ਉਨ੍ਹਾਂ ਨੇ ਕੀਤੀ ਸੀ ।ਪਰ ਦੋ ਹਜ਼ਾਰ ਦੋ ‘ਚ ਆਈ ਉਨ੍ਹਾਂ ਦੀ ਐਲਬਮ ‘ਮਸਤੀ’ ਅਤੇ ‘ਕੈਂਠੇ ਵਾਲਾ’ ਨੇ ਧੁੰਮਾਂ ਪਾ ਦਿੱਤੀਆਂ ।ਕਮਲਹੀਰ ਨੇ ਆਪਣਾ ਇੰਸਟਾਗ੍ਰਾਮ ‘ਤੇ ਟੋਰਾਂਟੋ ‘ਚ ਹੋਣ ਵਾਲੇ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦਿੰਦਿਆਂ ਵੱਡੀ ਗਿਣਤੀ ‘ਚ ਲੋਕਾਂ ਨੂੰ ਇਸ ਸ਼ੋਅ ‘ਚ ਪਹੁੰਚਣ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਪਿਆਰ ਲਈ ਸ਼ੁਕਰੀਆ ਵੀ ਅਦਾ ਕੀਤਾ ਹੈ ।