
ਬਰੈੰਪਟਨ, ਉਂਟੈਰੀਓ – ਮੇਅਰ ਲਿੰਡਾ ਜੈਫ਼ਰੀ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ:
ਮੇਅਰ ਚੁਣੇ ਜਾਣ ਪਿੱਛੋਂ ਮੈਂ ਆਪਣੀ ਉਦਘਾਟਨੀ ਸਪੀਚ ਵਿੱਚ ਦੱਸਿਆ ਸੀ ਕਿ ਆਪਣੇ ਸਾਰਿਆਂ ਦਾ ਸਾਂਝਾ ਸੁਪਨਾ ਹੈ ਆਪਣੇ ਸਿਟੀ ਵਿੱਚ ਯੂਨੀਵਰਸਿਟੀ ਬਣਾ ਲੈਣਾ। ਇਸ ਵਿਚਾਰ ਉੱਤੇ ਸਾਡੇ ਸ਼ਹਿਰ ਦੇ ਵਸਨੀਕਾਂ ਨੇ ਇੱਕ ਸੁਰ ਹੋ ਕੇ ਸਾਫ, ਸਪਸ਼ਟ ਅਤੇ ਉੱਚ ਆਵਾਜ਼ ਵਿੱਚ ਕਿਹਾ ਸੀ, “ਅਸੀਂ ਚਾਹੁੰਦੇ ਹਾਂ ਕਿ ਬਰੈੰਪਟਨ ਦੀ ਆਪਣੀ ਯੂਨੀਵਰਸਿਟੀ ਹੋਵੇ”। ਉਸ ਵੇਲ਼ੇ ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਜਦੋਂ ਪਹਿਲੀ ਕਾਊਂਸਲ ਦੇ ਇਸ ਸਬੰਧੀ ਯਤਨ ਅਸਫਲ ਹੋ ਗਏ ਸਨ ਤਾਂ ਸਾਡੀ ਰੂਹ ਨੂੰ ਬਹੁਤ ਦੁੱਖ ਹੋਇਆ ਸੀ। ਸਾਡਾ ਆਪਣਾ ਸ਼ਹਿਰ, ਕੈਨੇਡਾ ਦੇ ਬਹੁਤ ਸਾਰੇ ਨਵੇਂ ਅਤੇ ਬਹੁ-ਭਾਈਚਾਰਕ ਸ਼ਹਿਰਾਂ ਵਿੱਚੋਂ ਇੱਕ ਹੈ, ਇੱਥੋਂ ਦੇ ਸਾਰੇ ਨੌਜੁਆਨਾਂ ਅਤੇ ਵਡੇਰੀ ਉਮਰ ਦੇ ਵਸਨੀਕਾਂ ਨੇ ਮੇਰੇ ਨਾਲ ਆਪਣੇ ਹਾਰਦਿਕ ਵਿਚਾਰ ਸਾਂਝੇ ਕਰਦਿਆਂ ਇਹ ਇੱਛਾ ਪਰਗਟ ਕੀਤੀ ਕਿ ਬਰੈੰਪਟਨ ਵਿੱਚ ਯੂਨੀਵਰਸਿਟੀ ਬਨਾਉਣ ਦਾ, ਮੇਰਾ ਸਭ ਤੋਂ ਪਹਿਲਾ ਅਤੇ ਸਰਵੁੱਚ ਟੀਚਾ ਹੋਣਾ ਚਾਹੀਦਾ ਹੈ।
ਅੱਜ ਦੱਸਦਿਆਂ ਮੈਨੂੰ ਅਤੀਅੰਤ ਖ਼ੁਸ਼ੀ ਹੋ ਰਹੀ ਹੈ ਕਿ, ਮਿਟਜ਼ੀ ਹੰਟਰ, ਸਤਿਕਾਰ ਯੋਗ ਮਨਿਸਟਰ ਆਫ ਐਜੂਕੇਸ਼ਨ ਐਂਡ ਸਕਿੱਲਜ ਡਿਵੈੱਲਪਮੈੰਟ, ਨੇ ਹਰਿੰਦਰ ਮੱਲ੍ਹੀ, ਸਤਿਕਾਰ ਯੋਗ ਐੱਮਪੀਪੀ ਬਰੈੰਪਟਨ-ਸਪਰਿੰਗਡੇਲ ਅਤੇ ਮਨਿਸਟਰ ਆਫ ਦ ਸਟੇਟਸ ਆਫ ਵੁਮੈੱਨ ਨਾਲ ਮਿਲ ਕੇ ਇਹ ਐਲਾਨ ਕੀਤਾ ਕਿ ਨਵਾਂ ਰਾਇਰਸਨ ਯੂਨੀਵਰਸਿਟੀ ਕੈੰਪਸ ਡਾਊਨਟਾਊਨ ਬਰੈੰਪਟਨ ਵਿੱਚ ਬਣਾਇਆ ਜਾ ਰਿਹਾ ਹੈ।
ਸਾਡੀ ਪੂਰੀ ਪੀੜ੍ਹੀ ਵਿੱਚ ਕੇਵਲ ਇੱਕ ਵੇਰ ਪਰਾਪਤ ਹੋਣ ਵਾਲੀ ਇਹ ਖ਼ੁਸ਼ਨਸੀਬੀ, ਸਾਡੇ ਭਾਈਚਾਰੇ ਦੇ ਸਾਰੇ ਆਗੂਆਂ ਦੀ, ਇਸ ਸਾਂਝੇ ਸੁਪਨੇ ਲਈ ਤਨੋ-ਮਨੋ ਇੱਕ ਹੋ ਕੇ, ਕੀਤੀ ਸਖਤ ਘਾਲਣਾ, ਸਦਕਾ ਹੀ ਸੰਭਵ ਹੋ ਸਕੀ ਹੈ। 2015 ਵਿੱਚ ਮੇਅਰ ਵਜੋਂ ਮੇਰੇ ਸਭ ਤੋਂ ਪਹਿਲੇ ਕੰਮਾਂ ਵਿੱਚੋਂ ਅਤੀ ਜ਼ਰੂਰੀ ਜੋ ਮੈਂ ਕੰਮ ਕੀਤਾ ਉਹ ਸੀ ਬਲਿਊ ਰਿਬਨ ਪੈਨਲ ਬਨਾਉਣਾ, ਜਿਸਦਾ ਪਰਧਾਨ ਸਾਡਾ ਪਹਿਲੋਂ ਰਹਿ ਚੁੱਕਿਆ ਸਤਿਕਾਰ ਯੋਗ ਪ੍ਰੀਮੀਅਰ, ਵਿਲੀਅਮ ਜੀ. ਡੇਵਿਸ ਨੂੰ ਥਾਪਿਆ ਗਿਆ। ਮੈਂ ਜਾਣਦੀ ਸਾਂ ਕਿ ਬਰੈੰਪਟਨ ਨੂੰ ਅਜੇਹੇ ਸੁਹਿਰਦ ਕਾਰਜ ਕਰਤਾਵਾਂ (ਵਰਕ-ਫੋਰਸ) ਦੀ ਲੋੜ ਹੈ, ਜੋ ਆਉਣ ਵਾਲ਼ੇ ਸਮਿਆਂ ਦੀ ਤਕਨਾਲੋਜੀ ਭਰਪੂਰ ਸਿੱਖਿਆ ਨਾਲ ਮਾਲੋ-ਮਾਲ ਹੋਣ ਅਤੇ ਭਵਿੱਖ ਵਿੱਚ ਪ੍ਰਾਪਤ ਕੀਤੇ ਜਾਣ ਵਾਲੀ ਆਰਥਿਕਤਾ ਦੇ ਕੇਵਲ ਉਹ ਹਾਣੀ ਹੀ ਨਾ ਹੋਣ ਸਗੋਂ ਅਗਬਾਣੂ (ਮੋਹਰੀ, ਲੀਡਰ) ਵੀ ਹੋਣ।
ਪਿਛਲੇ ਸਤੰਬਰ ਵਿੱਚ, ਇਸ ਕਾਊਂਸਲ ਨੇ ਭਾਈਵਾਲਤਾ ਕੇਂਦਰ, ਇੱਕ ਵਿੱਦਿਅਕ ਕੇਂਦਰ, ਨਵੀਨਤਾ ਅਤੇ ਰਲ-ਮਿਲਕੇ ਕੰਮ ਕਰਨ ਲਈ ਥਾਂ ਅਤੇ ਇੱਕ ਕੇਂਦਰੀ ਲਾਇਬ੍ਰੇਰੀ ਦੀ ਉਸਾਰੀ ਲਈ 150 ਮਿਲੀਅਨ ਡਾਲਰਾਂ ਦੀ ਇੱਕ ਮੱਤ ਇਤਹਾਸਿਕ ਸਹਿਮਤੀ ਉੱਤੇ ਮੋਹਰ ਲਾਈ।
ਇਸ ਨਵੀਂ ਉਸਾਰੀ ਉੱਤੇ ਉਂਟੈਰੀਓ ਸਰਕਾਰ 90 ਮਿਲੀਅਨ ਡਾਲਰ ਖਰਚ ਕਰ ਰਹੀ ਹੈ। ਇਹ ਥਾਂ ਬਰੈੰਪਟਨ ਡਾਊਨਟਾਊਨ ਦੇ ਦਿਲ ਵਿੱਚ, ਗੋ ਸਟੇਸ਼ਨ ਦੇ ਗੁਆਂਢ ਵਿੱਚ ਹੈ। ਜਿੱਥੇ ਸਾਇੰਸ, ਤਕਨਾਲੋਜੀ, ਇੰਜਨੀਅਰਿੰਗ, ਆਰਟਸ ਅਤੇ ਮੈਥਿਮੈਟਿਕਸ (ਐੱਸ ਟੀ ਈ ਏ ਐੱਮ), ਉੱਤੇ ਧਿਆਨ ਕੇਂਦਰਤ ਕਰ ਕੇ ਰਾਇਰਸਨ ਯੂਨੀਵਰਸਿਟੀ ਵੱਲੋਂ ਸ਼ੇਰੀਡਨ ਕਾਲਜ ਦੀ ਭਾਈਵਾਲੀ ਨਾਲ ਮਿਆਰੀ ਅਤੇ ਮਿਸ਼ਾਲੀ ਸਿੱਖਿਆ ਦਿੱਤੀ ਜਾਇਗੀ। ਇਸ ਨਵੇਂ ਵਿੱਦਿਆ ਕੇਂਦਰ ਦੇ ਸੁਭਾਗੇ ਕਵਾੜ ਸਤੰਬਰ 2022 ਵਿੱਚ ਖੋਲ੍ਹ ਦੇਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਵਿੱਚ 2000 ਵਿਦਿਆਰਥੀ ਆਪਣਾ ਅਤੇ ਆਪਣੇ ਦੇਸ ਦਾ ਭਵਿੱਖ ਸੁਨਹਿਰੀ ਬਨਾਉਣ ਲਈ ਦਾਖਲਾ ਲੈਣ ਖਾਤਰ, ਨਵੇਂ ਵਿਆਹਿਆਂ ਵਾਂਗ, ਆਪਣੇ ਪਹਿਲੇ ਪੈਰ ਪਾਉਣਗੇ।
ਸਾਡੇ ਨੌਜੁਆਨ ਹੀ ਸਾਡਾ ਭਵਿੱਖ, ਬਰੈੰਪਟਨ ਯੂਨੀਵਰਸਿਟੀ ਸਰਬੋਤਮ ਅਤੇ ਅਤੀ ਹੋਣਹਾਰ ਨੌਜੁਆਨਾਂ ਨੂੰ ਉਤਸ਼ਾਹਿਤ ਅਤੇ ਅਮੰਤ੍ਰਿਤ ਕਰੇਗੀ। ਇਹ ਸੰਦਲੀ-ਸੁਨੇਹਾ ਨਵਿ ਉਸਾਰੀ ਦੇ ਜਸ਼ਨ ਮਨਾਉਣ ਦਾ ਹੈ — ਜੋ ਸਾਡੇ ਨੌਜੁਆਨਾਂ ਨੂੰ ਵਿੱਦਿਆ ਅਤੇ ਰੁਜ਼ਗਾਰ ਪ੍ਰਾਪਤੀ ਦਾ ਨਵਾਂ ਬ੍ਰਹਿਮੰਡ ਖੋਹਲ ਦੇਵੇਗਾ, ਜਿਸਦਾ ਵਾਤਾਵਰਨ ਸਦੀਆਂ ਤੀਕਰ ਸਾਡੇ ਸ਼ਹਿਰ ਨੂੰ ਖ਼ੁਸ਼ੀ ਅਤੇ ਖ਼ੁਸ਼ਹਾਲੀ ਨਾਲ਼ ਮਾਲਾ-ਮਾਲ ਕਰਦਾ ਰਹੇਗਾ।