
ਮਿਸੀਸਾਗਾ : ਗੋਲੀਬਾਰੀ ਦੀ ਵਾਰਦਾਤ ਨੇ ਲਈ 1 ਦੀ ਜਾਨ, ਕਈ ਜ਼ਖਮੀ, ਲੋਕਾਂ ‘ਚ ਸਹਿਮ
ਮਿਸੀਸਾਗਾ : ਬੀਤੇ ਦਿਨੀਂ ਸ਼ਾਮ ਨੂੰ ਹੋਈ ਗੋਲੀਬਾਰੀ ਦੌਰਾਨ 17 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ।
ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਸੈਮੀ-ਆਟੋਮੈਟਿਕ ਹਥਿਆਰਾਂ ਨਾਲ ਲੈਸ ਸ਼ੱਕੀ ਮੁਲਜ਼ਮਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਜੋ ਗੋਲੀਬਾਰੀ ਮਗਰੋਂ ਫ਼ਰਾਰ ਹੋ ਗਏ।
ਪੀਲ ਪੁਲਿਸ ਦੇ ਮੁਖੀ ਕ੍ਰਿਸ ਮੈਕੌਰਡ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਜ਼ਖ਼ਮੀਆਂ ਦੀ ਉਮਰ 13 ਸਾਲ, 16 ਸਾਲ ਅਤੇ 17 ਸਾਲ ਦੀ ਹੈ ਜਦਕਿ ਜ਼ਖਮੀਆਂ ‘ਚ ਇੱਕ 50 ਸਾਲਾ ਮਹਿਲਾ ਵੀ ਸ਼ਾਮਲ ਹੈ। ਜ਼ਖਮੀਆਂ ‘ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੀਲ ਰੀਜਨਲ ਪੁਲਿਸ ਨੂੰ ਮੌਰਨਿੰਗ ਸਟਾਰ ਡਰਾਈਵ ਅਤੇ ਗੋਰਵੇਅ ਡਰਾਈਵ ਨੇੜੇ ਸਥਿਤ ਡਾਰਸੈਲ ਐਵੇਨਿਊ ਦੀ ਇਮਾਰਤ ‘ਚ ਸੱਦਿਆ ਗਿਆ ਸੀ, ਜਿੱਥੇ ਪਹੁੰਚਣ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਨੇ ਗੋਲੀਆਂ ਦੇ ਨਿਸ਼ਾਨ ਵੀ ਦੇਖੇ ਸਨ।
ਪੁਲਿਸ ਮੁਖੀ ਕ੍ਰਿਸ ਮੈਕੌਰਡ ਅਤੇ ਮਿਸੀਸਾਗਾ ਮੇਅਰ ਬੋਨੀ ਕ੍ਰੋਂਬੀ ਨੇ ਮਿਸੀਸਾਗਾ ਦੇ ਵਿੱਚ ਪ੍ਰੈੱਸ ਕਾਨਫਰੰਸ ਕੀਤੀ, ਜਿਸ ਮੌਕੇ ਪੁਲਿਸ ਚੀਫ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਵਾਰਦਾਤ ਲੋਕ ਸੁਰੱਖਿਆ ਪ੍ਰਤੀ ਚਿੰਤਾਵਾਂ ਪੈਦਾ ਕਰਦੀ ਹੈ ਅਤੇ ਅਜਿਹੀਆਂ ਵਾਰਦਾਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਲਈ ਪੁਲਿਸ ਅਫ਼ਸਰ ਗਵਾਹਾਂ ਨਾਲ ਬਾਤਚੀਤ ਕਰ ਰਹੇ ਹਨ। ਇਸ ਤੋਂ ਇਲਾਵਾ ਇਲਾਕੇ ਵਿਚ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਤੋਂ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Be the first to comment