ਵਿਅਕਤੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਗੁਰਵਿੰਦਰ ਢਿੱਲੋਂ ਸਮੇਤ 6 ਹੋਰ ਗ੍ਰਿਫ਼ਤਾਰ
ਓਨਟਾਰੀਓ ਦੇ ਮਿਸੀਸਾਗਾ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੱਤ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ 10 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਫੋਨ ਰਾਹੀਂ ਸੂਚਨਾ ਮਿਲੀ ਸੀ। ਤਕਰੀਬਨ 14 ਘੰਟਿਆਂ ਦੀ ਜਾਂਚ ਤੋਂ ਬਾਅਦ, ਅਗਵਾ ਹੋਇਆ ਨੌਜਵਾਨ ਏਅਰਪੋਰਟ ਰੋਡ ਅਤੇ ਮਾਰਨਿੰਗਸਟਾਰ ਡ੍ਰਾਈਵ ਦੇ ਇਲਾਕੇ ਵਿੱਚੋਂ ਮਿਲਿਆ ਸੀ ਅਤੇ ਉਸਨੂੰ “ਗੰਭੀਰ” ਸੱਟਾਂ ਲੱਗੀਆਂ ਹੋਈਆਂ ਸਨ।

ਹੁਣ, ਇਸ ਮਾਮਲੇ ਵਿੱਚ ਪੀਲ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ ਬਰੈਂਪਟਨ ਤੋਂ 34 ਸਾਲਾ ਗੁਰਵਿੰਦਰ ਢਿੱਲੋਂ, ਬਰੈਂਪਟਨ ਤੋਂ 42 ਸਾਲਾ ਮਨਿੰਦਰਜੀਤ ਢੀਂਡਸਾ, ਬਰੈਂਪਟਨ ਤੋਂ 36 ਸਾਲਾ ਹਰਪਾਲ ਢਿੱਲੋਂ, ਮਿਸੀਸਾਗਾ ਤੋਂ 23-ਸਾਲਾ ਲਖਵੀਰ ਸਿੰਘ, ਮਿਸੀਸਾਗਾ ਤੋਂ 29 ਸਾਲਾ ਜਸਪੁਨੀਤ ਬਾਜਵਾ, ਬਰੈਂਪਟਨ ਤੋਂ 34-ਸਾਲਾ ਕਾਲੀਬ ਰਾਹੀ, ਅਤੇ 22 ਸਾਲਾ ਰਮਨਪ੍ਰੀਤ ਸਿੰਘ (ਕੋਈ ਪੱਕਾ ਪਤਾ ਨਹੀਂ) ਸ਼ਾਮਲ ਹਨ। ਇਹਨਾਂ ਵਿਅਕਤੀਆਂ ‘ਤੇ ਅਗਵਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ , ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਪੁਲਿਸ ਵੱਲੋਂ ਲਗਾਏ ਹਨ।