ਪ੍ਰਧਾਨ ਮੰਤਰੀ ਟਰੂਡੋ ਦੀ ਪੀਐੱਮ ਮੋਦੀ ਨਾਲ ਫੋਨ ‘ਤੇ ਗੱਲਬਾਤ, ਕਈਆਂ ਨੂੰ ਨਹੀਂ ਲੱਗੀ ਚੰਗੀ, ਕਈਆਂ ਨੇ ਕਿਹਾ “ਚੰਗੀ ਸ਼ੁਰੂਆਤ”
ਇਸ ਹਫਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਲੀਡਰਾਂ ਨੇ ਕੋਵਿਡ -19 ਮਹਾਂਮਾਰੀ, ਲੋਕਾਂ ਦੀ ਸਿਹਤ ਅਤੇ ਸੁਰੱਖਿਆ, ਅਤੇ ਆਪਣੇ ਨਾਗਰਿਕਾਂ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਟਰੂਡੋ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੈਕਸੀਨ ਦੇ ਉਤਪਾਦਨ ਅਤੇ ਸਪਲਾਈ ਨੂੰ ਉਤਸ਼ਾਹਤ ਕਰਨ ਦੇ ਭਾਰਤ ਦੇ ਮਹੱਤਵਪੂਰਣ ਯਤਨਾਂ ਬਾਰੇ ਗੱਲ ਕੀਤੀ।

ਦੋਵਾਂ ਨੇ ਆਪਣੇ ਮੁਲਕਾਂ ਦੇ ਸਾਂਝੇ ਹਿੱਤਾਂ ਦੀ ਪੁਸ਼ਟੀ ਕੀਤੀ, ਅਤੇ ਮੌਸਮ ਵਿੱਚ ਤਬਦੀਲੀ, ਗਲੋਬਲ ਵਪਾਰ ਨੂੰ ਮਜ਼ਬੂਤ ਕਰਨ, ਅਤੇ ਨਿਯਮਾਂ ਅਧਾਰਤ ਅੰਤਰਰਾਸ਼ਟਰੀ ਪ੍ਰਬੰਧ ਨੂੰ ਹੋਰ ਮਜਬੂਤ ਬਣਾਉਣ ਵਰਗੀਆਂ ਆਲਮੀ ਚੁਣੌਤੀਆਂ ‘ਤੇ ਮਿਲ ਕੇ ਕੰਮ ਕਰਨ ਦੀ ਮਹੱਤਤਾ ਦੀ ਪੁਸ਼ਟੀ ਕੀਤੀ।

ਨੇਤਾਵਾਂ ਨੇ ਸਾਂਝੀਆਂ ਕਦਰਾਂ ਕੀਮਤਾਂ, ਮਜ਼ਬੂਤ ਸਬੰਧਾਂ ਅਤੇ ਵਧ ਰਹੇ ਦੁਵੱਲੇ ਆਰਥਿਕ ਸਹਿਯੋਗ ਵਿੱਚ ਲੜੀ ਹੋਈ ਕੈਨੇਡਾ-ਭਾਰਤ ਰਣਨੀਤਕ ਭਾਈਵਾਲੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਜੀ 7, ਜੀ 20, ਅਤੇ ਹੋਰ ਅੰਤਰਰਾਸ਼ਟਰੀ ਫੋਰਮਾਂ ਤੇ ਇਕੱਠੇ ਕੰਮ ਕਰਨ ਦੀ ਉਮੀਦ ਵੀ ਜਤਾਈ।

ਭਾਰਤੀ ਪੀਐਮ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇਸ ਚਰਚਾ ਬਾਰੇ ਵੀ ਪੋਸਟ ਕੀਤੀ ਹੈ ਅਤੇ ਟਵਿੱਟਰ ‘ਤੇ ਉਹਨਾਂ ਨੇ ਜਸਟਿਨ ਟਰੂਡੋ ਨੂੰ “ਦੋਸਤ” ਕਹਿ ਕੇ ਸੰਬੋਧਨ ਕੀਤਾ ਹੈ। ਪੀਐਮ ਮੋਦੀ ਨੇ ਕੈਨੇਡਾ ਨੂੰ “ਵਿਸ਼ਵਾਸ” ਦਵਾਇਆ ਹੈ ਕਿ ਭਾਰਤ ਵੱਲੋਂ ਵੈਕਸੀਨ ਸਬੰਧੀ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਦੱਸ ਦੇਈਏ ਕਿ ਭਾਰਤ ‘ਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਫੋਨ ‘ਤੇ ਹੋਈ ਇਹ ਗੱਲਬਾਤ ਚਰਚਾ ਦਾ ਵਿਸ਼ਾ ਬਣੀ ਰਹੀ। ਕੈਨੇਡਾ ‘ਚ ਵੱਸਦੇ ਸਾਊਥ ਏਸ਼ੀਅਨ ਭਾਈਚਾਰੇ ‘ਚ ਕਈਆਂ ਨੇ ਇਸਨੂੰ ਇੱਕ ਚੰਗੀ ਸ਼ੁਰੂਆਤ ਦੱਸਿਆ ਜਦਕਿ ਕਈਆਂ ਵੱਲੋਂ ਕਿਸਾਨਾਂ ਨਾਲ ਹੋ ਰਹੇ ਵਤੀਰੇ ਦਾ ਮੁੱਦੇ ‘ਤੇ ਮੁੱਖ ਰੂਪ ਨਾਲ ਗੱਲ ਨਾ ਕਰਨਾ ਉਹਨਾਂ ਨੂੰ “ਇੱਕ ਬਿਹਤਰ ਕਦਮ” ਨਹੀਂ ਲੱਗਿਆ।