
ਤੁਸੀਂ ਯਾਦ ਆਓਗੇ ਦਵਿੰਦਰਪਾਲ ਜੀ!
ਤੁਸੀਂ ਯਾਦ ਆਓਗੇ ਦਵਿੰਦਰਪਾਲ ਜੀ, ਤੁਹਾਡੇ ਵੱਲੋਂ ਦਿੱਤੀਆਂ ਯਾਦਾਂ ਹਮੇਸ਼ਾ ਪੀਟੀਸੀ ਚੈਨਲ ਅਤੇ ਚਾਹੁਣ ਵਾਲਿਆਂ ਦੇ ਨਾਲ ਚੱਲਣਗੀਆਂ।
ਦਵਿੰਦਰਪਾਲ ਸਿੰਘ, ਪੀਟੀਸੀ ਦੀ ਸ਼ੁਰੂਆਤ ਤੋਂ ਹੀ ਨਾਲ ਰਹੇ ਅਤੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ। ਉਹਨਾਂ ਦੀ ਜ਼ਿੰਦਾਦਿਲੀ, ਉਹਨਾਂ ਦੇ ਜਜ਼ਬਾ, ਕੰਮ ਦੇ ਪ੍ਰਤੀ ਲਗਨ, ਵੱਡਿਆਂ ਦਾ ਆਦਰ, ਛੋਟਿਆਂ ਦਾ ਸਤਿਕਾਰ, ਸਾਰਿਆਂ ਨੂੰ ਪਿਆਰ ਨਾਲ ਮਿਲਣਾ, ਚੰਗੀ ਸਲਾਹ ਦੇਣੀ ਅਤੇ ਆਪਣੇ ਅੰਦਰ ਸਮੋਇਆ ਗਿਆਨ ਦਾ ਭੰਡਾਰ ਹਰ ਇੱਕ ਨਾਲ ਸਾਂਝਾ ਕਰਨ ਜਿਹੇ ਗੁਣਾਂ ਨੂੰ ਉਹ ਆਪਣੇ ਨਾਲ ਲੈ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
ਕਿਡਨੀ ਦੀ ਬਿਮਾਰੀ ਤੋਂ ਪੀੜ੍ਹਤ ਦਵਿੰਦਰ ਜੀ, ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਹਸਪਤਾਲ ‘ਚ ਜ਼ੇਰ-ਏ-ਇਲਾਜ ਸਨ।
ਉਹਨਾਂ ਦੀ ਸਾਰਥਕਤਾ, ਪੱਤਰਕਾਰੀ ਦੇ ਖੇਤਰ ‘ਚ ਤਜ਼ਰਬਾ, ਦੇਸ਼ ਤੇ ਦੁਨੀਆ ਦੀ ਹਰ ਖ਼ਬਰ ‘ਤੇ ਤਿੱਖੀ ਅਤੇ ਡੰੂਘੀ ਪੜਚੋਲ ਕਰਨ ਦੀ ਕਾਬਲੀਅਤ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਰਾਹ-ਦਸੇਰਾ ਸਾਬਤ ਹੋਵੇਗੀ।
ਹੁਣ, ਸਾਡੀਆਂ ਨਾਰਥ ਅਮਰੀਕਾ ਦੀਆਂ ਖ਼ਬਰਾਂ ਦੀ ਸ਼ੁਰੂਆਤ, “ਪੀਟੀਸੀ ਨੈੱਟਵਰਕ ਤੇ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦਵਿੰਦਰ” ਤੋਂ ਨਹੀਂ ਹੋਵੇਗੀ, ਪਰ ਤੁਹਾਡੀਆਂ ਦਿੱਤੀਆਂ ਯਾਦਾਂ ਸਾਡੇ ਨਾਲ ਹਰ ਪਲ ਚੱਲਣਗੀਆਂ।
ਪੀਟੀਸੀ ਚੈਨਲ ਦੇ ਸਮੂਹ ਸਟਾਫ਼ ਵੱਲੋਂ ਤੁਹਾਨੂੰ ਨਿੱਘੀ ਸ਼ਰਧਾਂਜਲੀ। ਪਰਮਾਤਮਾ ਤੁਹਾਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ੇ।
ਅਲਵਿਦਾ ਦੋਸਤ!