ਪੰਜਾਬ ਦੇ ਮਾਲਵੇ ਖੇਤਰ ਦਾ ਪ੍ਰਸਿੱਧ ਲੋਕ ਨਾਚ ਹੈ ਬਾਬਿਆਂ ਦਾ ਮਲਵਈ ਗਿੱਧਾ
ਪੰਜਾਬ ‘ਚ ਕਈ ਲੋਕ ਨਾਚ ਹਨ ਜੋ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਲੋਕ ਨਾਚ ਮਲਵਈ ਬਾਬਿਆਂ ਦਾ ਗਿੱਧਾ । ਇਹ ਲੋਕ ਨਾਚ ਪੰਜਾਬ ਦੇ ਮਾਲਵੇ ਖੇਤਰ ਦਾ ਪ੍ਰਸਿੱਧ ਲੋਕ ਨਾਚ ਹੈ । ਜਿਸ ਨੂੰ ਜ਼ਿਆਦਾਤਰ ਵਡੇਰੀ ਉਮਰ ਦੇ ਮਰਦਾਂ ਵੱਲੋਂ ਪੇਸ਼ ਕੀਤਾ ਜਾਂਦਾ ਹੈ । ਮਾਲਵੇ ਦੇ ਇਹ ਬਾਬੇ ਜਦੋਂ ਆਪਣੇ ਲੋਕ ਸਾਜ਼ਾਂ ਨਾਲ ਬੋਲੀਆਂ ਪਾਉਂਦੇ ਨੇ ਤਾਂ ਇਨ੍ਹਾਂ ਬਾਬਿਆਂ ਦਾ ਉਤਸ਼ਾਹ ਵੇਖਣ ਲਾਇਕ ਹੁੰਦਾ ਹੈ ।

ਬਾਬਿਆਂ ਵੱਲੋਂ ਸਟੇਜ ‘ਤੇ ਮਲਵਈ ਗਿੱਧੇ ਦੀ ਪੇਸ਼ਕਾਰੀ ਕਰਦੇ ਸਮੇਂ ਕੁਝ ਰਵਾਇਤੀ ਸਾਜ਼ਾਂ ਦਾ ਸਹਾਰਾ ਲਿਆ ਜਾਂਦਾ ਹੈ, ਜਿਵੇਂ ਬੁਗਚੂ, ਢੋਲਕੀ, ਸਰੰਗੀ, ਅਲਗੋਜਾ, ਚਿਮਟਾ, ਕਾਟੋ, ਛਿੱਕਾ ਜਾਂ ਸੱਪ ਗੜਬਾ, ਪੌਲਾ, ਛੈਣਾ, ਦੁਸਾਗੜ ਅਤੇ ਖੂੰਡਾ ਆਦਿ। ਮਲਵਈ ਗਿੱਧਾ, ਮਲਵਈ ਕਵੀਸ਼ਰੀ, ਵਿਆਹ ਦੀਆਂ ਮਲਵਈ ਰਹੁ-ਰੀਤਾਂ, ਮਲਵਈ ਸੱਭਿਆਚਾਰ ਦੀ ਵਿਰਾਸਤ ਹਨ। ਇਨ੍ਹਾਂ ਨੂੰ ਸੰਭਾਲਿਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਰਸੇ ਦੀ ਅਮੀਰੀ ਸਦਾ ਕਾਇਮ ਰਹੇ ਅਤੇ ਆਉਣ ਵਾਲੀਆ ਨਸਲਾਂ ਸਾਡੇ ਪੁਰਖਿਆਂ ਦੇ ਮਾਣ-ਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ। ਮਲਵਈ ਬਾਬਿਆਂ ਨੇ ਆਪਣੇ ਵਿਰਸੇ ਨੂੰ ਸੰਜੋ ਕੇ ਰੱਖਣ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਹੈ ।

ਮਲਵਈ ਗਿੱਧਾ ,ਬਾਬਿਆਂ ਦਾ ਗਿੱਧਾ ਅਤੇ ਮਰਦਾਂ ਦਾ ਗਿੱਧਾ ਇਕ ਹੀ ਲੋਕ ਨਾਚ ਹੈ।ਇਹ ਲੋਕ ਨਾਚ ਪੰਜਾਬ ਦੇ ਮਾਲਵਾ ਖੇਤਰ ਦਾ ਲੋਕ ਨਾਚ ਹੈ।ਸਿੰਘ ਸਭਾ ਲਹਿਰ ਵਲੋਂ ਚਲਾਈ ਸਮਾਜ ਸੁਧਾਰ ਦੀ ਲਹਿਰ ਦੇ ਕਾਰਨ ਕਈ ਮਾੜੀਆਂ ਰਸਮਾਂ ਦੇ ਨਾਲ ਨਾਲ ਮਾਲਵੇ ਵਿਚੋਂ ਮਰਦਾਂ ਦਾ ਗਿੱਧਾ ਵੀ ਲੋਪ ਹੋ ਗਿਆ। ਮਲਵਈ ਗਿੱਧੇ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਕਲਾਕਾਰਾਂ ਦੀਆਂ ਬੋਲੀਆਂ ਦੇ ਨਾਲ ਨਾਚ ਮੁਦਰਾਵਾਂ ਦੇਖਣ ਵਾਲਿਆਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੀਆਂ ਹੁੰਦੀਆਂ ਹਨ। ਨੌਜਵਾਨ ਬਾਬਿਆਂ ਦਾ ਗਿੱਧਾ ਵਿਰਸੇ ਦੀ ਵਿਚਾਰਨ ਯੋਗ ਸੇਵਾ ਕਰ ਰਿਹਾ ਹੈ।