ਪੰਜਾਬੀ ਸੱਭਿਆਚਾਰ ‘ਚ ਨਿਵੇਕਲਾ ਸਥਾਨ ਰੱਖਦਾ ਹੈ ” ਚਰਖਾ “
ਜੇਕਰ ਆਪਾਂ ਪੰਜਾਬੀ ਸੱਭਿਆਚਾਰ Punjabi Culture ਦੀ ਗੱਲ ਕਰੀਏ ਤਾਂ ਜਿਵੇ ਕਿ ਤੁਹਾਨੂੰ ਸੱਭ ਨੂੰ ਪਤਾ ਹੈ ਕਿ ਇਸ ਵਿੱਚ ਲੋਕ ਕਲਾਵਾਂ ਦਾ ਬਹੁਤ ਮਹੱਤਵ ਹੈ ਜਿਵੇਂ ਤ੍ਰਿੰਝਣਾਂ , ਤੀਆਂ , ਚਰਖਾ ਆਦਿ , ਜੋ ਕਿ ਅੱਜ ਅਲੋਪ ਹੁੰਦੀਆਂ ਜਾ ਰਹੀਆਂ ਹਨ | ਅੱਜ ਅਸੀਂ ਗੱਲ ਕਰਾਂਗੇ ” ਚਰਖੇ ” ਦੀ ਜੋ ਕਿ ਸਾਡੇ ਪੰਜਾਬੀ ਸੱਭਿਅਚਾਰ ਦੀਆ ਲੋਕ ਕਲਾਵਾਂ ਵਿੱਚ ਬਹੁਤ ਹੀ ਮਹੱਤਵ ਰੱਖਦਾ ਹੈ |

ਚਰਖਾ ਖਾਸ ਕਰਕੇ ਔਰਤਾਂ ਦੇ ਬੇਹੱਦ ਕਰੀਬ ਮੰਨਿਆ ਜਾਂਦਾ ਹੈ | ਪੁਰਾਣੇ ਸਮਿਆਂ ‘ਚ ਔਰਤਾਂ ਆਪਣੇ ਘਰ ਦੇ ਸਾਰੇ ਕੰਮ ਕਾਜ ਖਤਮ ਕਰਕੇ ਇੱਕ ਜਗਾਂ ਤੇ ਇਕੱਠੀਆਂ ਹੋ ਜਾਂਦੀਆਂ ਸਨ ਜਿਥੇ ਕਿ ਉਹ ਆਪਣੇ ਚਰਖੇ ਤੇ ਨਾਲੇ ਤਾਂ ਸੂਤ ਕੱਤ ਲੈਦੀਆਂ ਸਨ ਅਤੇ ਨਾਲ ਗੀਤ ਗਾਉਂਦੀਆਂ ਰਹਿੰਦੀਆਂ | ਚਰਖੇ ‘ਤੇ ਤੰਦ ਪਾਉਂਦੀਆਂ ਮੁਟਿਆਰਾਂ ਜਿੱਥੇ ਚਰਖੇ ਨਾਲ ਗੂੜ੍ਹੀ ਸਾਂਝ ਪਾ ਲੈਂਦੀਆਂ ਕਿ ਇਹ ਚਰਖਾ ਉਸ ਮੁਟਿਆਰ ਦੇ ਦੁੱਖ ਸੁੱਖ ਦਾ ਹਾਣੀ ਬਣ ਕੇ ਵਿਚਰਦਾ ਰਿਹਾ ਹੈ | ਪੰਜਾਬ ਦੀ ਇਹ ਲੋਕ ਕਲਾ ਜਿੱਥੇ ਇੱਕ ਕਾਰੀਗਰ ਦੀ ਕਲਾ ਦਾ ਬਿਹਤਰੀਨ ਨਮੂਨਾ ਹੈ ,ਉਥੇ ਹੀ ਇਸ ਚਰਖੇ ਨੂੰ ਸ਼ਿੰਗਾਰਨ ਲਈ ਉਹ ਸੁਨਹਿਰੀ ਮੇਖਾਂ ਨਾਲ ਸ਼ਿੰਗਾਰ ਕੇ ਚਰਖੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ |

ਪੁਰਾਣੇ ਸਮਿਆਂ ‘ਚ ਘਰ ਦਾ ਕੰਮ ਕਾਜ ਨਬੇੜਨ ਤੋਂ ਬਾਅਦ ਸੁਆਣੀਆਂ ਚਰਖੇ ਡਾਹ ਕੇ ਬੈਠ ਜਾਂਦੀਆਂ ਸਨ ਅਤੇ ਇਸ ਚਰਖੇ ‘ਤੇ ਸੂਤਰ ਕੱਤਦੀਆਂ ਸਨ | ਇਸ ਸੂਤਰ ਨਾਲ ਘਰ ‘ਚ ਹੀ ਖੇਸ ,ਚਾਦਰਾਂ ਤਿਆਰ ਕਰ ਲਈਆਂ ਜਾਂਦੀਆਂ ਸਨ ।ਪੰਜਾਬ ਦੇ ਲੋਕ ਗੀਤਾਂ ‘ਚ ਚਰਖੇ ਦਾ ਜ਼ਿਕਰ ਆਮ ਸੁਣਨ ਨੂੰ ਮਿਲ ਜਾਂਦਾ ਹੈ ।’ਜੋਗੀ ਉੱਤਰ ਪਹਾੜੋਂ ਆਇਆ’,’ਚਰਖਾ ਮੇਰਾ ਰੰਗਲਾ’,ਚਰਖਾ ਗਲੀ ਦੇ ਵਿੱਚ ਡਾਹ ਲਿਆ ਇਹੀ ਨਹੀਂ ਚਰਖੇ ‘ਤੇ ਬਹੁਤ ਸਾਰੇ ਗੀਤ ਵੀ ਗਾਇਕਾਂ ਨੇ ਗਾਏ ਹਨ | ’ਚਰਖਾ ਮੇਰਾ ਰੰਗਲਾ ਵਿੱਚ ਚਰਖੇ ਦੇ ਮੇਖਾਂ,ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ,ਚਰਖਾ ਸਣੇ ਕਈ ਗੀਤ ਅਜਿਹੇ ਨੇ ਜੋ ਚਰਖੇ ‘ਤੇ ਬਣੇ ਨੇ | ਇਸ ਤੋਂ ਇਲਾਵਾ ਬਾਬਾ ਬੁੱਲ੍ਹੇ ਸ਼ਾਹ ਨੇ ਵੀ ਲਿਖਿਆ ਹੈ ‘ਕਰ ਕੱਤਣ ਵੱਲ ਧਿਆਨ ਕੁੜ੍ਹੇ’ |

ਇੰਝ ਪੰਜਾਬੀ ਸੱਭਿਆਚਾਰ ਦੀ ਇਹ ਲੋਕ ਕਲਾ ਪੂਰੀ ਤਰ੍ਹਾਂ ਲੁਪਤ ਹੋ ਚੁੱਕੀ ਹੈ ਅਤੇ ਹੁਣ ਇਹ ਚਰਖੇ ਸ਼ਾਇਦ ਹੀ ਕਿਤੇ ਨਜ਼ਰ ਆਉਂਦੇ ਹੋਣ | ਤ੍ਰਿੰਝਣਾਂ ਦੀ ਸ਼ਾਨ ਰਹੀ ਇਸ ਲੋਕ ਕਲਾ ਨੂੰ ਪੰਜਾਬੀ ਮੁਟਿਆਰਾਂ ਨੇ ਪੂਰੀ ਤਿਆਰ ਵਿਸਾਰ ਹੀ ਚੁੱਕੀਆਂ ਨੇ | ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬੀ ਵਿਰਸੇ ਦੀ ਇਸ ਸ਼ਾਨ ਨੂੰ ਬਰਕਰਾਰ ਰੱਖਣ ਲਈ ਹੰਭਲਾ ਮਾਰਨ ਦੀ ਤਾਂ ਜੋ ਆਪਣੇ ਵਿਰਸੇ ਨੂੰ ਵਿਸਾਰ ਚੁੱਕੇ ਲੋਕਾਂ ਨੂੰ ਮੁੜ ਤੋਂ ਉਨ੍ਹਾਂ ਵਿਰਸੇ ਨਾਲ ਜੋੜਿਆ ਜਾ ਸਕੇ