ਬ੍ਰਿਟਿਸ਼ ਕੋਲੰਬੀਆ ‘ਚ ਸਿੱਖ ਡਾਕਟਰ ਨੂੰ ਹੋਣਾ ਪਿਆ ਆਨਲਾਈਨ ਨਸਲੀ ਟਿੱਪਣੀਆਂ ਦਾ ਸ਼ਿਕਾਰ , ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੇ ਸਕਰੀਨਸ਼ਾਟ
ਬ੍ਰਿਟਿਸ਼ ਕੋਲੰਬੀਆ ‘ਚ ਟੀਕਾਕਰਣ ਦੇ ਸਬੰਧ ‘ਚ ਜਾਣਕਾਰੀ ਦੇ ਰਹੇ ਸਿੱਖ ਡਾਕਟਰ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਦਰਅਸਲ, ਡਾਕਟਰ ਬੀਰਇੰਦਰ ਨਾਰੰਗ ਇੱਕ ਨਿੱਜੀ ਨਿਊਜ਼ ਚੈਨਲ ‘ਤੇ ਸੂਬੇ ਦੇ ਵੈਕਸੀਨ ਰੋਲਆਊਟ ਪਲਾਨ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸਨ ਅਤੇ ਜਦੋਂ ਇਸ ਦੀ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਤਾਂ ਹੇਠਾਂ ਨਸਲੀ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ। “ਕੀ ਇਸ ਮੁਲਕ ‘ਚ ਹੁਣ ਗੋਰੇ ਡਾਕਟਰ ਨਹੀਂ ਬਚੇ ਹਨ?”, “ਮੈਂ ਕਦੀ ਵੀ ਦੇਸੀ ਡਾਕਟਰਾਂ ‘ਤੇ ਯਕੀਨ ਨਹੀਂ ਕਰ ਸਕਦਾ”, ਦੇਖਦੇ ਹੀ ਦੇਖਦੇ ਅਜਿਹੀਆਂ ਟਿੱਪਣੀਆਂ ਨਾਲ ਵੀਡੀਓ ਦਾ ਕੁਮੈਂਟ ਸੈਕਸ਼ਨ ਭਰ ਚੁੱਕਿਆ ਸੀ।

ਡਾ: ਨਾਰੰਗ ਨੇ ਕਿਹਾ ਕਿ ਇਹ ਸਕਰੀਨਸ਼ਾਰਟ ਮੈਂ ਇਸ ਲਈ ਸਾਂਝੇ ਨਹੀਂ ਕਰ ਰਿਹਾ ਕਿਉਂਕਿ ਮੈਂ ਉਦਾਸ ਜਾਂ ਗੁੱਸੇ ‘ਚ ਹਾਂ। ਸਾਨੂੰ ਹਮੇਸ਼ਾ ਤੋਂ ਅਜਿਹੇ ਵਤੀਰੇ ਨਾਲ ਨਜਿੱਠਣਾ ਸਿਖਾਇਆ ਜਾਂਦਾ ਹੈ, ਆਸਟ੍ਰੇਲੀਆ ‘ਚ ਕੰਮ ਕਰਦਿਆਂ ਵੀ ਮੈਨੂੰ ਇਹ ਸਭ ਦੇਖਣਾ ਪਿਆ ਹੈ ਅਤੇ ਕੈਨੇਡਾ ‘ਚ ਵੀ ਨਸਲੀ ਵਿਤਕਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਵੈਸੇ ਸੁਭਾਵਕ ਤੌਰ ‘ਤੇ ਮੈਨੂੰ ਗੁੱਸਾ ਆਉਣਾ ਚਾਹੀਦਾ ਹੈ ਪਰ ਇਸ ਵਤੀਰੇ ਨਾਲ ਮੈਂ ਸੁੰਨ ਮਹਿਸੂਸ ਕਰ ਰਿਹਾ ਹਾਂ।

ਉਹਨਾਂ ਨੇ ਕਿਹਾ ਕਿ ਇਹ 2021 ਹੈ ਅਤੇ ਇਹ ਸਮਾਂ ਹੈ ਕਿ ਅਸੀਂ ਸਾਰੇ “ਅਸਲੀਅਤ” ਨੂੰ ਪਹਿਚਾਣੀਏ। ਉਹਨਾਂ ਕਿਹਾ ਕਿ ਇਹਨਾਂ ਕੁਮੈਂਟਾਂ ਨਾਲ ਉਹਨਾਂ ਦਾ ਹੌਂਸਲਾ ਪਸਤ ਨਹੀਂ ਹੋਇਆ ਹੈ, ਅਤੇ ਉਹ ਅੱਗੇ ਵੀ ਇਸ ਤਰ੍ਹਾਂ ਜਨਤਕ ਸਮਾਗਮਾਂ ‘ਚ ਬੋਲਦੇ ਰਹਿਣਗੇ।