ਕੈਨੇਡਾ – ਕੈਲਗਰੀ ਵਿੱਚ ਗੁਰਦੁਆਰਾ ਸਾਹਿਬ ਦੇ ਰਾਹ ‘ਚ ਲਿਖੀਆਂ ਨਸਲੀ ਟਿੱਪਣੀਆਂ, ਭਾਈਚਾਰੇ ‘ਚ ਰੋਸ
ਕੈਨੇਡਾ – ਕੈਲਗਰੀ ਵਿੱਚ ਗੁਰਦੁਆਰਾ ਸਾਹਿਬ ਦੇ ਰਾਹ ‘ਚ ਲਿਖੀਆਂ ਨਸਲੀ ਟਿੱਪਣੀਆਂ, ਭਾਈਚਾਰੇ ‘ਚ ਰੋਸ

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਸੋਮਵਾਰ ਸਵੇਰੇ ਸਿੱਖ ਸੋਸਾਇਟੀ ਆਫ਼ ਕੈਲਗਰੀ ਗੁਰਦੁਆਰੇ ਨੂੰ ਜਾਂਦੀ ਸੜਕ ‘ਤੇ ਹੋਈ ਨਸਲਵਾਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਇੱਥੇ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਕੈਲਗਰੀ ਵਿਖੇ ਦੱਖਣ-ਪੱਛਮੀ ਗੁਰਦੁਆਰੇ ਦੇ ਪ੍ਰਵੇਸ਼ ਦੁਆਰ ਵੱਲ ਜਾਣ ਵਾਲੀਆਂ ਸੜਕਾਂ ‘ਤੇ ਸਪਰੇਅ ਖਿਲਾਰੀ ਗਈ। ਕੈਲਗਰੀ ਸਿੱਖ ਭਾਈਚਾਰੇ ਦੇ ਮੈਂਬਰਾਂ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਐਨਆਰਆਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਿੱਖ ਸੋਸਾਇਟੀ ਆਫ਼ ਕੈਲਗਰੀ ਉਨ੍ਹਾਂ ਲੋਕਾਂ ਵੱਲੋਂ ਮਿੱਥਿਆ ਨਸਲੀ ਵਿਤਕਰੇ ਦਾ ਨਿਸ਼ਾਨਾ ਸੀ। ਗੁਰਦੁਆਰਾ ਸੁਰੱਖਿਆ ਫੁਟੇਜ ਨਫ਼ਰਤ ਭਰੇ ਸੰਦੇਸ਼ਾਂ ਦੇ ਪਿੱਛੇ ਸਰਗਰਮ ਲੋਕਾਂ ਦੇ ਸਬੂਤ ਹਾਸਲ ਕਰਨ ਵਿੱਚ ਅਸਫ਼ਲ ਰਹੀ ਹੈ। ਪੁਲਿਸ ਦੇ ਮੌਕੇ ‘ਤੇ ਹਾਜ਼ਰ ਹੋਣ ਤੋਂ ਬਾਅਦ ਸ਼ਹਿਰ ‘ਚੋਂ ਲਿਖਤਾਂ ਹਟਾ ਦਿੱਤੀਆਂ ਸੀ। 2016 ਵਿੱਚ, ਉਸੇ ਥਾਂ ‘ਤੇ ਭੱਦੀ ਸ਼ਬਦਾਵਲੀ ਵਾਲੀਆਂ ‘ਲਿਖਾਵਟਾਂ’ ਲਿਖੀਆਂ ਗਈਆਂ ਸਨ।

ਕੈਲਗਰੀ ਪੁਲਿਸ ਨੇ ਕਿਹਾ, “ਅਸੀਂ @DashmeshC ਵਿਖੇ ਵਾਪਰੀ ਗ੍ਰੈਫਿਟੀ ਘਟਨਾ ਤੋਂ ਜਾਣੂ ਹਾਂ। ਸਾਡੀ ਵਿਭਿੰਨਤਾ ਇਕਾਈ, ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਕਾਰਵਾਈ ਅਸਵੀਕਾਰਨਯੋਗ ਹੈ ਅਤੇ ਅਸੀਂ ਜ਼ਿੰਮੇਵਾਰ ਧਿਰਾਂ ਨੂੰ ਜਵਾਬਦੇਹ ਬਣਾਉਣ ਲਈ ਇਸ ਮਾਮਲੇ ‘ਚ ਪੂਰੀ ਤਰ੍ਹਾਂ ਜਾਂਚ ਕਰਨ ਲਈ ਵਚਨਬੱਧ ਹਾਂ।

ਦਸ਼ਮੇਸ਼ ਕਲਚਰਲ ਸੈਂਟਰ, ਜੋ ਕਿ NE ਕੈਲਗਰੀ ਸਿੱਖ ਗੁਰਦੁਆਰੇ ਨੂੰ ਚਲਾਉਂਦਾ ਹੈ, ਨੇ ਟਵੀਟ ਕੀਤਾ, “ਸਾਡੇ ਸਾਊਥ ਵੈਸਟ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਵੇਸ਼ ਦੁਆਰ ਤੱਕ ਜਾਣ ਵਾਲੀਆਂ ਸੜਕਾਂ ‘ਤੇ ਨਸਲੀ ਵਿਤਕਰੇ ਤਹਿਤ ਭੱਦੀ ਸ਼ਬਦਾਵਲੀ ਲਿਖੀ ਗਈ ਸੀ, ਇਹ ਸੁਣ ਕੇ ਅਸੀਂ ਬਹੁਤ ਨਿਰਾਸ਼ ਅਤੇ ਦੁਖੀ ਹਾਂ। ਹਾਲਾਂਕਿ ਅਸੀਂ ਮੰਨਦੇ ਹਾਂ ਕਿ ਇਹ ਕੁਝ ਕੁ ਲੋਕਾਂ ਦੀਆਂ ਕਾਰਵਾਈਆਂ ਹਨ, ਅਸੀਂ ਸਾਰਿਆਂ ਨੂੰ ਇੱਕੋ ਜਿਹਾ ਮੰਨਣ ਅਤੇ ਆਪਣੇ ਗੁਆਂਢੀਆਂ ਬਾਰੇ ਜਾਣਨ ਲਈ ਸਮਾਂ ਕੱਢਣ ਲਈ ਉਤਸ਼ਾਹਿਤ ਕਰਦੇ ਹਾਂ। ਸਾਡੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ, ਅਸੀਂ ਤੁਹਾਨੂੰ ਇੱਥੇ ਆਉਣ ਤੇ ਸਿੱਖੀ ਬਾਰੇ ਸਿੱਖਿਆਵਾਂ ਹਾਸਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਹਾਲਾਂਕਿ ਨਸਲਵਾਦ ਦਾ ਇਹ ਪ੍ਰਦਰਸ਼ਨ ਬਹੁਤ ਦੁਖਦਾਈ ਹੈ, ਅਸੀਂ ਇਸ ਸਮੇਂ ਨੂੰ ਸਾਡੇ ਸਾਰਿਆਂ ਲਈ ਇਕੱਠੇ ਹੋਣ ਅਤੇ ਪਿੱਛੇ ਵਾਪਰਿਆ ਸਭ ਭੁੱਲ ਕੇ ੳਤੇ ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸਾਂ ਦੀ ਪਰਵਾਹ ਕੀਤੇ ਬਿਨਾਂ ਸਾਰੇ ਲੋਕਾਂ ਨੂੰ ਇਕੱਠੇ ਦੇਖਣਾ ਚਾਹੁੰਦੇ ਹਾਂ।

ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ (ਡਬਲਯੂਐਸਓ) ਨੇ ਸੋਮਵਾਰ ਸਵੇਰੇ ਸਿੱਖ ਸੋਸਾਇਟੀ ਆਫ਼ ਕੈਲਗਰੀ ਦੇ ਗੁਰਦੁਆਰੇ ਨੂੰ ਜਾਂਦੀ ਸੜਕ ‘ਤੇ ਹੋਈ ਨਸਲਵਾਦੀ ਵਿਤਕਰੇ ਤਹਿਤ ਕੀਤੇ ਕਾਰੇ ਦੀ ਨਿੰਦਾ ਕੀਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਰਦੁਆਰਾ ਸਾਹਿਬ ਨੂੰ ਨਸਲੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੋਵੇ। 2016 ਵਿੱਚ, ਇਸ ਗੁਰਦੁਆਰੇ ‘ਤੇ ਭੱਦੀ ਸ਼ਬਦਾਵਲੀ ਵਾਲੇ ਪੇਂਟ ਜ਼ਰੀਏ ਰੋਸ ਪ੍ਰਗਟ ਕੀਤਾ ਗਿਆ ਸੀ।

ਕੈਲਗਰੀ ਫੋਰੈਸਟ ਲਾਅਨ ਤੋਂ ਸੰਸਦ ਮੈਂਬਰ ਜਸਰਾਜ ਸਿੰਘ ਹਾਲਨ ਨੇ ਟਵੀਟ ਕੀਤਾ, “ਦਸਤਾਰ ਪਹਿਨਣ ਲਈ ਮੈਨੂੰ ਕਈ ਵਾਰ ਅਜੀਬ ਢੰਗ ਨਾਲ ਬੁਲਾਏ ਜਾਣ ਦੇ ਬਾਵਜੂਦ, ਮੈਂ ਅਜੇ ਵੀ ਕੈਨੇਡਾ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਆਜ਼ਾਦ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਸਿੱਖ ਸੋਸਾਇਟੀ ਆਫ਼ ਕੈਲਗਰੀ ਦੇ ਨਾਲ, ਇਸ ਨਫ਼ਰਤ ਭਰੇ ਕਾਰੇ ਦੀ ਨਿੰਦਾ ਕਰਦਾ ਹਾਂ। ਕੈਨੇਡੀਅਨ ਹਮੇਸ਼ਾ ਇਸ ਤਰ੍ਹਾਂ ਦੇ ਅਸਹਿਣਸ਼ੀਲ ਕਾਰੇ ਦੇ ਖਿਲਾਫ਼ ਖੜੇ ਹਨ।

ਟਰਾਂਸਪੋਰਟ ਮੰਤਰੀ ਅਤੇ ਕੈਲਗਰੀ ਨੌਰਥ ਈਸਟ ਤੋਂ ਵਿਧਾਇਕ ਰਾਜਨ ਸਾਹਵਨੀ ਨੇ ਟਵੀਟ ਕੀਤਾ, “ਮੈਂ ਵੀ ਇਸ ਵਿਵਹਾਰ ਤੋਂ ਬਹੁਤ ਦੁਖੀ, ਨਿਰਾਸ਼ ਅਤੇ ਨਾਰਾਜ਼ ਹਾਂ। @DashmeshC, ਤੁਸੀਂ ਬਹੁਤ ਸਾਰੇ ਲੋਕਾਂ ਲਈ ਉਮੀਦ ਦੀ ਕਿਰਨ ਰਹੇ ਹੋ, ਖ਼ਾਸ ਕਰਕੇ ਕੋਵਿਡ ਦੌਰਾਨ। ਕਿਰਪਾ ਕਰਕੇ ਚੜ੍ਹਦੀ ਕਲਾ ਵਿੱਚ ਰਹਿਣਾ ਜਾਰੀ ਰੱਖੋ ਅਤੇ ਦੂਜਿਆਂ ਨੂੰ ਪ੍ਰੇਰਨਾ, ਸਿੱਖਿਆ ਅਤੇ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਰਹੋ!”