
ਬਰੈਂਪਟਨ – ਪੀਲ ਰੀਜਨ ਦੇ ਵਸਨੀਕ ਡਾਇਬਟੀਜ਼, ਦਿਮਾਗ਼ੀ ਬੀਮਾਰੀਆਂ ਅਤੇ ਬਚਪਨ ਦੇ ਮੋਟਾਪੇ ਨਾਲ ਬੁਰੀ ਤਰ੍ਹਾਂ ਜੂਝ ਰਹੇ ਹਨ। ਇਹ ਬੀਮਾਰੀਆਂ ਅੱਜ ਮਰੀਜ਼ਾਂ ਅਤੇ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਲਈ ਗੰਭੀਰ ਸੰਕਟ ਬਣੀਆਂ ਹੋਈਆਂ ਹਨ ਅਤੇ ਇਸ ਸੰਕਟ ਦੇ ਹੱਲ ਦੀ ਸਖ਼ਤ ਜ਼ਰੂਰਤ ਹੈ।
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਬੀਤੇ ਮੰਗਲਵਾਰ 24 ਜੁਲਾਈ ਨੂੰ ਸੇਂਟ ਮਾਈਕਲ ਹਸਪਤਾਲ, ਜਿੱਥੇ ਤਿੰਨ ਮੁੱਖ ਖੋਜ-ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਦੇ ਦੌਰੇ ਸਮੇਂ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡੀਅਨ ਇੰਸਟੀਚਿਊਟ ਆਫ਼ ਹੈਲਥ ਸਾਇੰਸਜ਼ ਰਾਹੀਂ 9.3 ਮਿਲੀਅਨ ਰਾਸ਼ੀ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ। ‘ਆਈਨੋਵੇਟਿਵ ਕਲਿਨੀਕਲ ਟਰਾਇਲਜ਼ ਇਨੀਸ਼ੀਏਟਿਵ’ ਨਾਮਕ ਇਸ ਪ੍ਰੋਗਰਾਮ ਹੇਠ ਸਹਿਯੋਗੀਆਂ ਵੱਲੋਂ ਪ੍ਰਾਪਤ ਹੋਣ ਵਾਲੀ 13.3 ਮਿਲੀਅਨ ਵਧੀਕ ਫ਼ੰਡਿਗ ਸਮੇਤ ਕੁੱਲ 22.6 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾ ਰਹੇ ਹਨ।
ਇਸ ਰਕਮ ਨਾਲ ਆਉਂਦੇ ਚਾਰ ਸਾਲਾਂ ਲਈ ਸੱਤ ਪ੍ਰਾਜੈਕਟਾਂ ਲਈ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਜਿਨ੍ਹਾਂ ਨਾਲ ਕੈਨੇਡਾ ਵਾਸੀਆਂ ਦੇ ਸਿਹਤ ਨਾਲ ਜੁੜੇ ਹੋਏ ਹੇਠ ਲਿਖੇ ਮੁੱਦੇ ਸ਼ਾਮਲ ਹੋਣਗੇ:
• ਡਾਇਬਟੀਜ਼ ਬੀਮਾਰੀ ਨਾਲ ਜੁੜੇ ਪੈਰਾਂ ਦੇ ਅਲਸਰ ਦੇ ਕੇਸ ਘਟਾਉਣੇ
• ਮਰੀਜ਼ਾਂ ਦੇ ਬੇਲੋੜੇ ਐਕਸ-ਰੇ ਅਤੇ ਆਪਰੇਸ਼ਨ ਤੋਂ ਪਹਿਲਾਂ ਵਾਲੇ ਟੈਸਟ ਘਟਾਉਣੇ
• ਓਪੀਆਇਡ ਅਤੇ ਐਂਟੀਬਾਇਟਿਕ ਪ੍ਰੈਸਕ੍ਰਿਪਸ਼ਨਾਂ ਦੇ ਸੁਧਾਰ ਲਈ ਡਾਕਟਰਾਂ ਦੀ ਮਦਦ ਕਰਨੀ
• ਘੱਟ ਫ਼ੈਟ ਬਨਾਮ ਪੂਰੀ ਫ਼ੈਟ ਵਾਲੇ ਦੁੱਧ ਦੀ ਵਰਤੋਂ ਦਾ ਮੁੜ-ਮੁਲਾਂਕਣ ਕਰਦੇ ਹੋਏ ਬਚਪਨ ਦੇ ਮੋਟਾਪੇ ਨੂੰ ਘਟਾਉਣਾ
• ਇਨਟੈਂਸਿਵ ਕੇਅਰ ਯੂਨਿਟਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਸਾਂਭ-ਸੰਭਾਲ ਵਿੱਚ ਸੁਧਾਰ ਕਰਨਾ
• ਮਲਟੀਪਲ ਕੰਪਲੈਕਸ ਹਾਲਤਾਂ ਵਾਲੇ ਮਰੀਜ਼ਾਂ ਦੀ ਸਹਾਇਤਾ ਕਰਨਾ
• ਨੌਜੁਆਨਾਂ ਵੱਲੋਂ ਸੀਜ਼ੋਫ਼ਰੇਨੀਆ ਵਰਗੇ ਪਹਿਲੇ ਦਿਮਾਗ਼ੀ ਸਾਈਕੌਸਿਜ਼ ਕੇਸਾਂ ਦੀ ਸੰਭਾਲ ਅਤੇ ਉਨ੍ਹਾਂ ਦੇ ਇਲਾਜ ਵਿੱਚ ਸੁਧਾਰ ਕਰਨਾ
ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਰਕਮ ਇਸ ਸਾਲ ਮਈ ਮਹੀਨੇ ਵਿਚ ਸੋਨੀਆ ਸਿੱਧੂ ਵੱਲੋਂ ਡਾਇਬਟੀਜ਼ ਦੀ ਖੋਜ ਲਈ ਖ਼ਰਚ ਕੀਤੀ ਜਾਣ ਵਾਲੀ 7.7 ਮਿਲੀਅਨ ਡਾਲਰ ਰਾਸ਼ੀ ਤੋਂ ਵੱਖਰੀ ਹੈ। ਇਹ ਰਕਮ ਟਾਈਪ-1 ਡਾਇਬਟੀਜ਼ ਵਾਲੇ ਮਰੀਜ਼ਾਂ ਦੇ ਇਲਾਜ ਲਈ ਚੱਲ ਰਹੀਆਂ ਅਜ਼ਮਾਇਸ਼ਾਂ ਲਈ ਹੈ। ਇਸ ਦੇ ਨਾਲ ਹੀ ਲੋੜ ਤੋਂ ਵਧੇਰੇ ਭਾਰ ਅਤੇ ਮੋਟਾਪੇ ਵਾਲੇ ਬੱਚਿਆਂ ਦਾ ਟਾਈਪ-2 ਡਾਇਬਟੀਜ਼ ਦੀ ਪਕੜ ਵਿੱਚ ਆਉਣ ਦਾ ਵਧੇਰੇ ਖ਼ਦਸ਼ਾ ਹੈ। ਸੋਨੀਆ ਸਿੱਧੂ ਨੇ ਹਾਊਸ ਆਫ਼ ਕਾਮਜ਼ ਵਿੱਚ ‘ਚਾਈਲਡ ਹੈੱਲਥ ਪ੍ਰੋਟੈੱਕਸ਼ਨ’ ਐਕਟ ਸਬੰਧੀ ਬਿਲ-228 ਦਾ ਸਮਰਥਨ ਕੀਤਾ। ਇਹ ਬਿਲ ‘ਫ਼ੂਡ ਅਤੇ ਡਰੱਗ ਐਕਟ’ ਵਿੱਚ ਸੋਧ ਕਰਨ ਲਈ ਬੱਚਿਆਂ ਲਈ ਫ਼ੂਡ ਅਤੇ ਬੀਵਰੇਜ ਦੀ ਵਰਤੋਂ ਅਤੇ ਮਾਰਕੀਟਿੰਗ ਸਬੰਧੀ ਸੇਧਤ ਹੋਵੇਗਾ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਨੇ ਕਿਹਾ,”ਸਾਡੇ ਭਾਈਚਾਰੇ ਵਿੱਚ ਬੱਚਿਆਂ ਦਾ ਮੋਟਾਪਾ ਅਤੇ ਡਾਇਬੇਟੀਜ਼ ਦੋਵੇਂ ਹੀ ਗੰਭੀਰ ਮਸਲੇ ਹਨ। ਇਸ ਸਬੰਧੀ ਅੱਜ ਐਲਾਨ ਕੀਤੀ ਗਈ ਫ਼ੰਡਿੰਗ ਦਾ ਮਕਸਦ ਇਨ੍ਹਾਂ ਬੀਮਾਰੀਆਂ ਦੇ ਇਲਾਜ ਨੂੰ ਕੈਨੇਡਾ ਵਿੱਚ ਫੈਲਾਉਣਾ ਅਤੇ ਇਸ ਦੇ ਨਾਲ ਸਾਰੇ ਦੇਸ਼ ਵਿੱਚ ਵਸਦੇ ਭਾਈਚਾਰਿਆਂ ਦੇ ਲੋਕਾਂ ਦੀ ਸਹਾਇਤਾ ਕਰਨਾ ਹੈ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਲੋਕਾਂ ਨੂੰ ਪੌਸ਼ਟਿਕ ਖ਼ੁਰਾਕ ਅਤੇ ਡਾਇਬੇਟੀਜ਼ ਤੇ ਹੋਰ ਬੀਮਾਰੀਆਂ ਤੋਂ ਦੂਰ ਰਹਿਣ ਬਾਰੇ ਜਾਣਕਾਰੀ ਵਿਚ ਵਾਧਾ ਕਰਨ ਨਾਲ ਬਰੈਂਪਟਨ ਵਾਸੀ ਵੀ ਆਪਣਾ ਜੀਵਨ ਸੁਖੀ ਬਤੀਤ ਕਰ ਸਕਣਗੇ। ਗੁਣਾਤਮਕ ਸਿਹਤ ਸੰਭਾਲ ਦੇਣ ਸਬੰਧੀ ਸਾਡੀ ਸਰਕਾਰ ਦੀ ਵਚਨ-ਬੱਧਤਾ ਬਰੈਂਪਟਨ ਵਾਸੀਆਂ ਲਈ ਅਸਲੀ ਤਬਦੀਲੀ ਲਿਆਉਣ ਦਾ ਇੱਕ ਵਧੀਆ ਤਰੀਕਾ ਹੈ।”