ਪੰਜਾਬੀਆਂ ਦੇ ਗੜ੍ਹ ਬਰੈਂਪਟਨ ਭਾਰਤੀ ਮੂਲ ਦੇ ਲੋਕਾਂ ਵੱਲੋਂ ਮਨਾਈ ਗਈ ਦੀਵਾਲੀ ਕਿਉਂ ਆਈ “ਸੁਰਖ਼ੀਆਂ” ‘ਚ, ਉਹ ਵੀ ਗਲਤ ਕਾਰਨਾਂ ਕਰਕੇ, ਜਾਣੋ “ਗਲਤੀ” ਕਿਸਦੀ!

Written by Ragini Joshi

Published on : November 19, 2020 9:11
South Asians play a part in COVID-19 transmission?

ਕੈਨੇਡਾ ਇੱਕ ਬਹੁ-ਸਭਿਆਚਾਰਕ ਮੁਲਕ ਹੈ, ਜਿੱਥੇ ਵੱਖੋ-ਵੱਖ ਮੂਲਾਂ ਅਤੇ ਦੇਸ਼ਾਂ ਤੋਂ ਆ ਕੇ ਲੋਕ ਵੱਸਦੇ ਹਨ। ਇਸ ਮੁਲਕ ਨੇ ਸਭ ਦਾ ਹਮੇਸ਼ਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕੀਤਾ ਹੈ, ਪਰ ਕੋਵਿਡ-19 ਦੌਰਾਨ ਜਿੱਥੇ ਬਾਕੀ ਮੁਲਕਾਂ ਸਮੇਤ ਇਸ ਦੇਸ਼ ਨੂੰ ਆਪਣੇ ਬਾਰਡਰ ਬਾਕੀਆਂ ਲਈ ਆਰਜ਼ੀ ਤੌਰ ‘ਤੇ ਬੰਦ ਕਰਨੇ ਪਏ, ਉਥੇ ਹੀ ਹੁਣ ਸਾਊਥ ਏਸ਼ੀਅਨ ਭਾਈਚਾਰੇ ‘ਤੇ “ਕੋਵਿਡ-19 ਦੇ ਫੈਲਾਅ” ‘ਚ ਵਾਧਾ ਕਰਨ ਦੇ “ਦੋਸ਼ਾਂ” ਨੇ ਕਈ ਨਵੇਂ ਪਹਿਲੂਆਂ ‘ਤੇ ਵਿਚਾਰ ਕਰਨ ਦੀ ਲੋੜ੍ਹ ਨੂੰ ਵੀ ਉਜਾਗਰ ਕੀਤਾ ਹੈ।

ਦਿਵਾਲੀ ਤੋਂ ਬਾਅਦ ਓਨਟਾਰੀਓ ਦਾ ਸ਼ਹਿਰ ਬਰੈਂਪਟਨ, ਜੋ ਕਿ ਸਾਊਥ ਏਸ਼ੀਅਨ ਭਾਈਚਾਰੇ ਖ਼ਾਸਕਰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਸਾਰੇ ਹੀ ਗਲਤ ਕਾਰਨਾਂ ਕਰਕੇ ਨਾ ਸਿਰਫ਼ ਸਥਾਨਕ ਮੀਡੀਆ ਬਲਕਿ ਕੌਮੀ ਮੀਡੀਆ ਦੀਆਂ “ਸੁਰਖ਼ੀਆਂ” ਦਾ ਕਾਰਨ ਬਣਿਆ ਰਿਹਾ ਹੈ।

ਦਰਅਸਲ, ਦਿਵਾਲੀ ਦੀ ਸ਼ਾਮ ਜਿੱਥੇ ਇੱਕ ਪਾਸੇ ਬਰੈਂਪਟਨ ਦੇ ਗੁਰੂ ਘਰ ਦੀ ਪਾਰਕਿੰਗ ਲਾਟ ‘ਚ ਪੁਲਿਸ ਸਮੇਤ ਸਿਟੀ ਦੇ ਬਾਇ-ਲਾਅ ਅਫ਼ਸਰਾਂ ਵੱਲੋਂ ਰੇਡ ਕੀਤੀ ਗਈ ਸੀ। ਮੌਕੇ ‘ਤੇ ਪਹੁੰਚੇ ਅਫਸਰਾਂ ਨੂੰ ਲੋੜ੍ਹ ਤੋਂ ਜ਼ਿਆਦਾ ਇਕੱਠ ਮਿਲਣ ਦੀ ਸੂਰਤ ‘ਚ ਨਾ ਸਿਰਫ ਲੋਕਾਂ ਨੂੰ ਘਰੋ-ਘਰੀਂ ਜਾਣ ਨੂੰ ਕਿਹਾ ਗਿਆ ਬਲਕਿ ਜੁਰਮਾਨੇ ਵੀ ਲਗਾਏ ਗਏ।

ਇਸ ਤੋਂ ਬਾਅਦ ਸਾਊਥ ਏਸ਼ੀਅਨ ਭਾਈਚਾਰੇ ਨਾਲ ਹੀ ਸਬੰਧਤ ਇੱਕ ਦੂਸਰੀ ਵੀਡੀਓ ਜਿਸ ‘ਚ ਕੁਝ ਨੌਜਵਾਨ ਝੁੰਡ ਬਣਾ ਕੇ ਪਾਰਕਿੰਗ ‘ਚ ਪਟਾਕੇ ਚਲਾਉਂਦੇ ਦਿਖਾਈ ਦਿੱਤੇ ਅਤੇ ਨਾਲ ਹੀ ਉਹਨਾਂ ਨੇ ਪੁਲਿਸ ਵੱਲੋਂ ਮਿਲੀਆਂ ਟਿਕਟਾਂ ਨੂੰ ਲੋਕਾਂ ਨਾਲ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ, ਹਾਂਲਾਕਿ ਇਹ ਵੀਡੀਓ ਬਰੈਂਪਟਨ ਨਾਲ ਸਬੰਧਤ ਨਹੀਂ ਦੱਸੀ ਜਾ ਰਹੀ।

ਪਰ, ਦਿਵਾਲੀ ਦੀ ਅਗਲੀ ਸਵੇਰ ਨੈਸ਼ਨਲ ਮੀਡੀਆ ‘ਚ ਸਾਊਥ ਏਸ਼ੀਅਨ ਭਾਈਚਾਰੇ ਅਤੇ ਦਿਵਾਲੀ ਮੌਕੇ ਹੋਏ ਇਕੱਠ ਅਤੇ ਤੋੜ੍ਹੇ ਗਏ ਨਿਯਮਾਂ ਦਾ ਹਰ ਪਾਸੇ ਜ਼ਿਕਰ ਸੀ। ਕਈ ਨਾਮੀ ਮੀਡੀਆ ਅਦਾਰਿਆਂ ਵੱਲੋਂ ਬਰੈਂਪਟਨ ‘ਚ ਤੇਜ਼ੀ ਨਾਲ ਵੱਧ ਰਹੇ ਕੇਸਾਂ ਦਾ ਸਿੱਧਾ ਇਲਜ਼ਾਮ ਭਾਰਤੀ ਮੂਲ ਦੇ ਲੋਕਾਂ ‘ਤੇ ਲਗਾਇਆ, ਅਤੇ ਇਹ ਕਿਹਾ ਕਿ ਇਸ ਭਾਈਚਾਰੇ ਦੇ ਲੋਕਾਂ ਵੱਲੋਂ ਵਰਤੀ ਗਈ ਅਣਗਹਿਲੀ ਕਰਕੇ ਹੀ ਬਰੈਂਪਟਨ ਕੋਵਿਡ-19 ਹਾਟ-ਸਪਾਟ ਬਣ ਚੁੱਕਿਆ ਹੈ।

ਇਸ ਲੇਖ ‘ਚ ਭਾਈਚਾਰੇ ਵੱਲੋਂ ਕੋਵਿਡ-19 ਦੌਰਾਨ ਕੀਤੇ ਜਾਂਦੇ ਸ਼ਾਹੀ ਵਿਆਹਾਂ ਦੇ ਨਾਲ-ਨਾਲ ਸਾਂਝੇ ਪਰਿਵਾਰਾਂ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਅਤੇ ਇਹਨਾਂ ਕਾਰਨਾਂ ਨੂੰ ਕੋਵਿਡ-19 ਦੇ ਵੱਧ ਰਹੇ ਕੇਸਾਂ ਲਈ ਸਿੱਧੇ ਤੌਰ ‘ਤੇ ਕਸੂਰਵਾਰ ਠਹਿਰਾਇਆ ਗਿਆ।

ਇਸ “ਦਾਅਵੇ” ‘ਤੇ ਭਾਈਚਾਰੇ ਸਮੇਤ ਹੋਰਨਾਂ ਵੱਲੋਂ ਵੱਖੋ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ।

ਇਸ ਮੁੱਦੇ ‘ਤੇ ਕਈਆਂ ਨੇ ਭਾਈਚਾਰੇ ਦੀ ਗਲਤੀ ਨੂੰ ਸਵੀਕਾਰਦਿਆਂ ਅੱਗੇ ਤੋਂ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸੇ ਇੱਕ-ਦੋ ਦੀ ਗਲਤੀ ਕਾਰਨ ਸਾਰੇ ਭਾਈਚਾਰੇ ਨੂੰ ਬਦਨਾਮੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈਆਂ ਨੇ ਕਿਹਾ ਕਿ ਨਵੇਂ ਮੁਲਕ ‘ਚ ਆ ਕੇ ਸਾਨੂੰ ਉਸ ਮੁਲਕ ਦੇ ਤੌਰ-ਤਰੀਕੇ ਅਤੇ ਉੱਥੇ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਕਈਆਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਾਰਾਜ਼ਗੀ ਜਾਹਰ ਕਰਦਿਆਂ ਲਿਖਿਆ ਕਿ ਦਿਵਾਲੀ ਦਾ ਨਾਮ ਲੈ ਕੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਸਿਰਫ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈਆਂ ਨੇ ਇਸਨੂੰ ਨਸਲੀ ਵਿਤਕਰਾ ਤੱਕ ਆਖ ਦਿੱਤਾ ਜਦਕਿ ਕਈ ਹੋਰਾਂ ਨੇ ਸਵਾਲ ਕੀਤਾ ਕਿ ਹੈਲੋਵੀਨ ਅਤੇ ਥੈਂਕਸਗਿਵਿੰਗ ਡੇਅ ‘ਤੇ ਅਜਿਹੇ ਦਾਅਵੇ ਕਿੱਥੇ ਸਨ।

ਮੁੱਦਾ ਭਖਦਿਆਂ ਦੇਖ ਕੇ ਸ਼ਹਿਰ ਦੇ ਮੇਅਰ ਪੈਟਰਿਕ ਬ੍ਰਾਊਨ ਨੂੰ ਭਾਈਚਾਰੇ ਦੀ “ਹਮਾਇਤ” ‘ਚ ਨੈਸ਼ਨਲ ਮੀਡੀਆ ‘ਤੇ ਬੋਲਣਾ ਪਿਆ ਅਤੇ ਉਹਨਾਂ ਨੇ ਬਰੈਂਪਟਨ ਵਾਸੀਆਂ ਨੂੰ “ਅਣਗੌਲੇ ਕੀਤੇ ਜਾ ਰਹੇ ਕੋਰੋਨਾ ਯੋਧੇ” ਤੱਕ ਐਲਾਨ ਦਿੱਤਾ।

ਮੇਅਰ ਬ੍ਰਾਊਨ ਨੇ ਕਿਹਾ ਬਰੈਂਪਟਨ ‘ਚ ਜ਼ਿਆਦਾਤਰ ਲੋਕ ਅਜਿਹੇ ਕਿੱਤਿਆਂ ਨਾਲ ਸਬੰਧਤ ਹਨ, ਜੋ ਕਿ ਨਾ ਸਿਰਫ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ ਬਲਕਿ ਉਹਨਾਂ ਤੋਂ ਬਿਨ੍ਹਾਂ ਘਰਾਂ ਤੱਕ ਰੋਟੀ ਪਹੁੰਚਣਾ ਮੁਮਕਿਨ ਨਹੀਂ ਹੈ। ਉਹਨਾਂ ਕਿਹਾ ਕਿ ਟੋਰਾਂਟੋ ਸ਼ਹਿਰ ਦੇ ਬਹੁਤੇ ਕਾਮਿਆਂ ਵਾਂਗ ਇੱਥੇ ਲੋਕ ਘਰ ਤੋਂ ਬੈਠ ਕੇ ਕੰਮ ਨਹੀਂ ਕਰ ਸਕਦੇ ਅਤੇ ਸਾਨੂੰ ਇਹਨਾਂ ਦੀ ਸਰਾਹਣਾ ਅਤੇ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਨਾ ਕਿ ਇਹਨਾਂ ਨੂੰ ਭੰਡਣਾ ਚਾਹੀਦਾ ਹੈ।

ਇਸੇ ਤਰ੍ਹਾਂ ਐੱਮ.ਪੀ.ਪੀ ਗੁਰਰਤਨ ਸਿੰਘ ਵੱਲੋਂ ਵੀ ਅਜਿਹਾ ਕਿਹਾ ਗਿਆ।

ਜ਼ਿਕਰਯੋਗ ਹੈ ਕਿ ਬਰੈਂਪਟਨ ‘ਚ ਜ਼ਿਆਦਾਤਰ ਲੋਕ ਫੈਕਟਰੀਆਂ, ਰੈਸਤਰਾਂ, ਐਮਾਜ਼ੋਨ ਵੇਅਰਹਾਊਸ, ਪੈਕੇਜਿੰਗ, ਫੂਡ ਇੰਡਸਟਰੀ ਅਤੇ ਟਰੱਕਿੰਗ ਜਿਹੇ ਕਿੱਤਿਆਂ ਨਾਲ ਜੁੜ੍ਹੇ ਹਨ ਅਤੇ ਇਹਨਾਂ ਕਾਮਿਆਂ ਕਰਕੇ ਹੀ ਬਰੈਂਪਟਨ ਸਮੇਤ ਬਾਕੀ ਸੂਬੇ ਅਤੇ ਮੁਲਕ ਦੇ ਘਰ ਤੱਕ ਰੋਟੀ ਪੁੱਜਦਾ ਹੁੰਦੀ ਹੈ। ਸਿਰਫ ਇੰਨ੍ਹਾਂ ਹੀ ਨਹੀਂ, ਸਿਹਤ ਸੰਭਾਲ ਦੀ ਗੱਲ ਕਰੀਏ ਤਾਂ ਬਰੈਂਪਟਨ ਦੇ ਬਹੁਤ ਲੋਕ ਫਰੰਟ ਲਾਈਨ ਵਰਕਰ ਹਨ, ਜਿੰਨ੍ਹਾਂ ਲਈ ਕੋਵਿਡ-19 ਦੌਰਾਨ ਵੀ ਘਰ ਬੈਠਣਾ ਸੰਭਵ ਨਹੀਂ ਹੈ।

ਇਸ ਤੋਂ ਇਲਾਵਾ ਇੱਕ ਨਿੱਜੀ ਪੋਰਟਲ ‘ਚ ਛਪੀ ਖ਼ਬਰ ‘ਚ ਸਾਊਥ ਏਸ਼ੀਅਨ ਮੈਡੀਕਲ ਮਾਹਰਾਂ ਨੇ ਦਿਵਾਲੀ ਨੂੰ ਬਰੈਂਪਟਨ ‘ਚ ਕੋਵਿਡ-19 ਦੇ ਵਾਧੇ ਦਾ ਮੁੱਖ ਕਾਰਨ ਹੋਣ ਤੋਂ ਕੋਰੀ ਨਾਂਹ ਕੀਤੀ। ਉਹਨਾਂ ਮੁਤਾਬਕ, ਬਰੈਂਪਟਨ ਦੇ ਧਾਰਮਿਕ ਸਥਾਨਾਂ ‘ਤੇ ਤੋਹਮਤ ਲਗਾਉਣ ਤੋਂ ਪਹਿਲਾਂ ਸਾਨੂੰ ਇੱਥੇ ਦੇ ਢਾਂਚੇ ਨੂੰ ਸਮਝਣਾ ਚਾਹੀਦਾ ਹੈ। ਉਹਨਾਂ ਨੇ ਸਰਵੇ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੈਨੇਡਾ ‘ਚ ਕੰਮ ਕਰਦੇ 18% ਟਰੱਕਰਜ਼ ਅਤੇ 14.7% ਨਿਰਮਾਣ ਖਿੱਤੇ ਨਾਲ ਜੁੜੇ ਲੋਕ ਬਰੈਂਪਟਨ ਤੋਂ ਹਨ। ਉਹਨਾਂ ਕਿਹਾ ਕਿ 20% ਦੇ ਕਰੀਬ ਟ੍ਰਾਂਸਪੋਰਟ, ਵਪਾਰੀ, ਅਤੇ ਆਪਰੇਟਰ ਇਸ ਸ਼ਹਿਰ ਨਾਲ ਸਬੰਧਤ ਹਨ।


ਦੱਸ ਦੇਈਏ ਕਿ ਕੋਵਿਡ-19 ਦੇ ਫੈਲਾਅ ਦਾ ਇੱਕ ਹੋਰ ਮੁੱਖ ਕਾਰਨ ਇੱਕ ਘਰ ‘ਚ ਕਈ ਮੈਂਬਰਾਂ ਦਾ ਰਹਿਣਾ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਬਰੈਂਪਟਨ ਦੀ 0.7 ਮਿਲੀਅਨ ਦੀ ਆਬਾਦੀ ਦੇ ਇਲਾਜ ਲਈ ਜਿੱਥੇ ਮਹਿਜ਼ ਇੱਕ ਹਸਪਤਾਲ ਹੈ, ਉਥੇ ਹੀ ਇੱਥੇ ਹਾਊਸਿੰਗ ਅਤੇ ਅਫੋਰਡੇਬਲ ਹਾਊਸਿੰਗ ਦੀ ਸਮੱਸਿਆ ਵੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ।

ਅਜਿਹੇ ‘ਚ ਵੱਖਰੇ ਘਰ ‘ਚ ਰਹਿਣਾ ਇਸ ਸ਼ਹਿਰ ਦੇ ਸਾਰੇ ਲੋਕਾਂ ਲਈ ਸੰਭਵ ਨਹੀਂ ਹੈ, ਜਿਸ ਕਾਰਨ ਮਹਾਂਮਾਰੀ ਦੇ ਫੈਲਾਅ ‘ਚ ਵਾਧਾ ਹੋਣਾ ਸੁਭਾਵਿਕ ਹੈ।

ਕਈ ਵਿਅਕਤੀਆਂ ਵੱਲੋਂ ਸਿਟੀ ਪ੍ਰਸ਼ਾਸਨ ਨੂੰ ਇਹਨਾਂ ਮੁੱਦਿਆਂ ‘ਤੇ ਹੰਭਲਾ ਮਾਰਨ ਦੀ ਗੱਲ ਕਹੀ ਜਾ ਰਹੀ ਬਜਾਇ ਇਸਦੇ ਕਿ ਕਿਸੇ ਇੱਕ ਭਾਈਚਾਰੇ ‘ਤੇ ਇਸ ਮਹਾਂਮਾਰੀ ਦੇ ਫੈਲਾਅ ਦਾ ਇਲਜ਼ਾਮ ਲਗਾਉਣਾ।

ਉਮੀਦ ਹੈ ਕਿ ਇਸ ਸਭ ਦੇ ਦੌਰਾਨ ਇਲਜ਼ਾਮਬਾਜੀ ਜਾਂ ਇੱਕ-ਦੂਸਰੇ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਦੀ ਬਜਾਇ ਸਾਰੇ ਮਿਲਕੇ ਇਸ ਮਹਾਂਮਾਰੀ ਤੋਂ ਬਚਣ ਅਤੇ ਸਾਰਿਆਂ ਦੀ ਸੁਰੱਖਿਆ ਲਈ ਲੋੜੀਂਦੀ ਅਹਿਤਿਆਤ ਵਰਤਣਗੇ ਅਤੇ ਨਿਯਮਾਂ ਦਾ ਪਾਲਣ ਕਰਨਗੇ।