ਕੈਨੇਡਾ – ਹਿੰਦੂ ਮੰਦਰ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨਿਆ ਗਿਆ
ਕੈਨੇਡਾ -ਰਿਚਮੰਡ ਹਿੱਲ ਸਥਿਤ ਇਕ ਹਿੰਦੂ ਮੰਦਰ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ।

ਮੰਦਰ ਦੇ ਪ੍ਰਧਾਨ ਡਾ: ਬੁਧੇਂਦਰ ਦੂਬੇ ਨੇ ਕਿਹਾ ਕਿ ਇਸ ਘਟਨਾ ਨਾਲ ਭਾਰਤੀ ਭਾਈਚਾਰੇ ਨੂੰ ਗਹਿਰੀ ਠੇਸ ਪਹੁੰਚੀ ਹੈ  ਕਿਉਂਕਿ ਇੱਥੇ ਪਿਛਲੇ 30 ਸਾਲਾਂ ਤੋਂ ਮੌਜੂਦ ਮੂਰਤੀਆਂ ਨਾਲ ਕਦੇ ਵੀ ਛੇੜਛਾੜ ਨਹੀਂ ਕੀਤੀ ਗਈ।

ਕੈਨੇਡਾ ਦੇ ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਟਵੀਟ ਕੀਤਾ ਕਿ ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਘਟਨਾ ਤੋਂ ਅਸੀਂ ਦੁਖੀ ਹਾਂ। ਇਸ ਅਪਰਾਧਿਕ, ਘਿਨਾਉਣੇ ਕਾਰੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਓਟਾਵਾ ਵਿੱਚ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਭਾਈਚਾਰਾ ਇਸ ਨਫ਼ਰਤੀ ਅਪਰਾਧ ਤੋਂ ਡੂੰਘਾ ਦੁਖੀ ਹੈ ਜੋ ਭਾਰਤੀ ਭਾਈਚਾਰੇ ਨੂੰ ਡਰਾਉਣਾ ਚਾਹੁੰਦਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਜਾਂਚ ਕਰਨ ਅਤੇ ਦੋਸ਼ੀਆਂ ‘ਤੇ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕੈਨੇਡੀਅਨ ਸਰਕਾਰ ਕੋਲ ਪਹੁੰਚ ਕੀਤੀ ਹੈ।