ਹੈਲੋਵੀਨ ਦੀ ਰਾਤ ਕਿਊਬੈੱਕ ਸਿਟੀ ‘ਚ ਵਿਅਕਤੀ ਨੇ ਰਾਹਗੀਰਾਂ ‘ਤੇ ਕੀਤਾ ਚਾਕੂਆਂ ਨਾਲ ਹਮਲਾ, 2 ਹਲਾਕ, 5 ਜ਼ਖ਼ਮੀ
Suspect in medieval clothing killed 2 and injured 5 in Quebec City sword attack

Quebec City sword attack : ਕੈਨੇਡਾ ‘ਚ ਹੈਲੋਵੀਨ ਦੇ ਤਿਉਹਾਰ ਦਾ ਜਸ਼ਨ ਗਮਗੀਨ ਮਾਹੌਲ ‘ਚ ਉਸ ਸਮੇਂ ਤਬਦੀਲ ਹੋ ਗਿਆ ਜਦੋਂ ਮੌਂਟ੍ਰੀਅਲ ਤੋਂ ਆਏ ਮੱਧਯੁਗੀ ਕੱਪੜੇ ਪਹਿਨੇ 24 ਸਾਲਾ ਸ਼ੱਕੀ ਵਿਅਕਤੀ ਨੇ ਰਾਤ ਸਮੇਂ ਰਾਹਗੀਰਾਂ ‘ਤੇ ਅਚਾਨਕ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਹੋਰ ਜ਼ਖਮੀ ਹੋ ਗਏ।

ਕਿਊਬੈੱਕ ਸਿਟੀ ਦੇ ਪੁਲਿਸ ਮੁਖੀ ਰੌਬਰਟ ਪਿਜਨ ਨੇ ਐਤਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸਦੇ ਅੱਤਵਾਦੀ ਹਮਲੇ ਹੋਣ ਤੋਂ ਇਨਕਾਰ ਕੀਤਾ ਹੈ, ਪਰ ਜਾਂਚ ਅਜੇ ਚੱਲ ਰਹੀ ਹੈ।

ਹਮਲੇ ਤੋਂ ਬਾਅਦ, ਪੁਲਿਸ ਨੇ ਨਾਗਰਿਕਾਂ ਨੂੰ ਸੰਸਦ ਹਿੱਲ ਖੇਤਰ ਵੱਲ ਨੂੰ ਯਾਤਰਾ ਕਰਨ ਤੋਂ ਮਨਾ ਕੀਤਾ ਅਤੇ ਉਸ ਸਮੇਂ ਸ਼ੱਕੀ ਵਿਅਕਤੀ ਦੀ ਭਾਲ ਚੱਲ ਰਹੀ ਸੀ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ।

ਸਥਾਨਕ ਸਮੇਂ ਅਨੁਸਾਰ ਸਵੇਰੇ 1 ਵਜੇ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਵੱਲੋਂ ਸ਼ੱਕੀ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਇਸ ਦੌਰਾਨ ਉਹਨਾਂ ਨੇ ਨਾਗਰਿਕਾਂ ਨੂੰ ਆਪਣੇ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਸੀ।

ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਤਵਾਰ ਨੂੰ ਸ਼ੱਕੀ ਦੇ ਵੀਡੀਓ ਕਾਨਫਰੰਸ ਜ਼ਰੀਏ ਅਦਾਲਤ ਵਿੱਚ ਪੇਸ਼ੀ ਹੋਣ ਦੀ ਉਮੀਦ ਹੈ।

ਇਸ ਸਬੰਧੀ ਕਿਊਬੈੱਕ ਦੇ ਪ੍ਰੀਮੀਅਰ ਫ੍ਰੈਨਸੋ ਲੇਗਾਲਟ ਨੇ ਟਵੀਟ ਕਰਕੇ ਕਿਹਾ ਕਿ,”ਮੇਰੇ ਕੋਲ ਇਸ ਤਰ੍ਹਾਂ ਦੇ ਦੁਖਾਂਤ ਬਾਰੇ ਗੱਲ ਕਰਨ ਲਈ ਕੋਈ ਸ਼ਬਦ ਨਹੀਂ ਹਨ। ਮੈਂ ਪੀੜਤਾਂ ਦੇ ਅਜ਼ੀਜ਼ਾਂ ਨਾਲ ਸੋਗ ਪ੍ਰਗਟ ਕਰਦਾ ਹਾਂ।”

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ, “ਕਿਊਬੈਕ ਸਿਟੀ ਵਿੱਚ ਬੀਤੀ ਰਾਤ ਹੋਏ ਭਿਆਨਕ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਬਾਰੇ ਸੋਚ ਕੇ ਦਿਲ ਦੁਖੀ ਹੈ। ਸਾਡੀ ਹਮਦਰਦੀ ਉਹਨਾਂ ਦੇ ਨਾਲ ਹੈ। “ਮੈਂ ਜ਼ਖਮੀਆਂ ਦੀ ਪੂਰੀ ਸਿਹਤਯਾਬੀ ਦੀ ਵੀ ਆਸ ਕਰਦਾ ਹਾਂ।

ਉਹਨਾਂ ਨੇ ਇਸ ਘਟਨਾ ‘ਚ ਮਦਦ ਕਰਨ ਵਾਲੇ ਫਰਸਟ ਰਿਸਪਾਂਡਰਜ਼ ਦਾ ਵੀ ਧੰਨਵਾਦ ਕੀਤਾ।