ਬਰੈਂਪਟਨ ‘ਚ ਕਿਰਸਾਨੀ ਬਿੱਲ ਵਿਰੋਧੀ ਅਤੇ ਭਾਰਤ ਸਰਕਾਰ ਦੇ ਹਮਾਇਤਾਂ ‘ਚ ਹੋਈ ਤਿੱਖੀ ਝੜਪ ‘ਤੇ ਮੇਅਰ ਅਤੇ ਪੁਲਿਸ ਚੀਫ਼ ਦੀ ਚਿਤਾਵਨੀ
ਬਰੈਂਪਟਨ ‘ਚ ਕਿਰਸਾਨੀ ਬਿੱਲ ਵਿਰੋਧੀ ਅਤੇ ਭਾਰਤ ਸਰਕਾਰ ਦੇ ਹਮਾਇਤਾਂ ‘ਚ ਹੋਈ ਤਿੱਖੀ ਝੜਪ ‘ਤੇ ਮੇਅਰ ਅਤੇ ਪੁਲਿਸ ਚੀਫ਼ ਦੀ ਚਿਤਾਵਨੀ

ਕੈਨੇਡਾ ਇੱਕ ਅਜਿਹਾ ਮੁਲਕ ਹੈ, ਜੋ ਸਾਰੇ ਧਰਮਾਂ ਅਤੇ ਭਾਈਚਾਰਿਆਂ ਦਾ ਸਨਮਾਨ ਕਰਦਾ ਹੈ ਅਤੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਵੀ ਦਿੰਦਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ‘ਚ ਪੰਜਾਬੀਆਂ ਦਾ ਗੜ੍ਹ ਮੰਨ੍ਹੇ ਜਾਂਦੇ ਸ਼ਹਿਰ ਬਰੈਂਪਟਨ ‘ਚ ਕਿਸਾਨ ਬਿੱਲਾਂ ਦੇ ਵਿਰੋਧੀਆਂ ਅਤੇ ਭਾਰਤ ਸਰਕਾਰ ਦੇ ਹਮਾਇਤੀਆਂ ਵਿਚਕਾਰ ਤਲਖ਼ੀ ਵੱਧਦੀ ਜਾ ਰਹੀ ਹੈ।

ਪਿਛਲੇ ਵੀਕਐਂਡ ‘ਤੇ ਭਾਰਤ ਸਰਕਾਰ ਦੇ ਹਮਾਇਤੀਆਂ ਵੱਲੋਂ “ਤਿਰੰਗਾ ਰੈਲੀ” ਦਾ ਆਯੋਜਨ ਕੀਤਾ ਗਿਆ, ਜਿਸ ਦਾ ਕਿਸਾਨੀ ਬਿੱਲਾਂ ਦਾ ਵਿਰੋਧ ਕਰ ਰਹੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਦੋਵਾਂ ਧਿਰਾਂ ‘ਚ ਝੜਪ ਹੋ ਗਈ, ਜਿਸ ਦੀਆਂ ਕਈਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਦੂਸਰੇ ਨੂੰ ਧਮਕੀ ਦੇਣ ਦਾ ਦੌਰ ਵੀ ਚੱਲਦਾ ਰਿਹਾ ਜਿਸ ‘ਤੇ ਸ਼ਹਿਰ ਦੇ ਮੇਅਰ ਅਤੇ ਪੁਲਿਸ ਚੀਫ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਹੱਕ ਸਭ ਨੂੰ ਹੈ ਪਰ ਕਿਸੇ ਵੀ ਕੀਮਤ ‘ਤੇ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕੈਨੇਡਾ ‘ਚ ਸਾਰੇ ਭਾਈਚਾਰਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਇਸ ਏਕਤਾ ਨੂੰ ਢਾਹ ਨਹੀਂ ਲੱਗਣ ਦਿੱਤੀ ਜਾਵੇਗੀ ਅਤੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ।