ਚੰਗੇ-ਭਲੇ ਟਰੱਕ ਕੰਡਮ ਕੀਤੇ ਜਾਣ ਦਾ ਹੁਕਮ ਠੱਲ੍ਹੇ ਜਾਣ ’ਤੇ ਟਰੱਕਾਂ ਵਾਲ਼ੇ ਬਾਗ਼ੋ-ਬਾਗ਼
ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਵੱਲੋਂ ਭਰਵਾਂ ਸੁਆਗਤ

ਸਰੀ ਬੀ ਸੀ, 20ਜਨਵਰੀ ( ਵੈਨਕੂਵਰ )-ਪੋਰਟ ਆਫ ਵੈਨਕੂਵਰ ਵੱਲੋਂ ਆਪਣਾ ਪ੍ਰਸਤਾਵਤ ‘ਰੋਲੰਿਗ ਟਰੱਕ ਏਜ ਪ੍ਰੋਗਰਾਮ’ ਮੁਲਤਵੀ ਕਰ ਦੇਣ ਦਾ ਅਤੇ 2014 ਦੇ 14 ਨੁਕਾਤੀ ਪ੍ਰੋਗਰਾਮ ਦੇ ਲਟਕਦੇ ਆ ਰਹੇ ਕਈ ਮੁੱਦੇ ਨਜਿੱਠਣ ਲਈ ਟਰਾਂਸਪੋਰਟ ਕੈਨੇਡਾ ਦਾ ਸਹਿਯੋਗ ਲਏ ਜਾਣ ਦੀ ਪੇਸ਼ਕਸ਼ ਕਰਦਿਆਂ ‘ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ’ (ਯੂ ਟੀ ਏ) ਨੇ ਕਿਹਾ ਹੈ ਕਿ ਉਹ, 2014 ਦੇ 14 ਨੁਕਾਤੀ ਪ੍ਰੋਗਰਾਮ, ਜਿਸ ਉੱਤੇ ਕੈਨੇਡਾ ਸਰਕਾਰ ਦੇ ਦਸਤਖ਼ਤ ਕੀਤੇ ਹੋਏ ਹਨ, ਅਧੀਨ ਝੂਠੇ ਦਿਖਾਵੇ ਕਰ ਕੇ, ਟਰੱਕਾਂ ਵਾਲ਼ਿਆਂ ਦੀ ਹੜਤਾਲ ਖ਼ਤਮ ਕਰਾ ਦਿੱਤੀ ਸੀ। ਇਹ ਜਾਣਕਾਰੀ ਦਿੰਦਿਆਂ, ‘ਯੂ ਟੀ ਏ’ ਦੇ ਬੁਲਾਰੇ ਗਗਨ ਸਿੰਘ ਨੇ ਕਿਹਾ ਕਿ ਹੁਣ ਉਸ ਗੱਲ ਨੂੰ ਅੱਠ ਸਾਲ ਹੋ ਗਏ ਹਨ, ਪਰ 2014 ਦੇ 14 ਨੁਕਾਤੀ ਪ੍ਰੋਗਰਾਮ ਵਿਚ ਕੀਤੇ ਹੋਏ ਬਹੁਤ ਸਾਰੇ ਵਾਅਦੇ ਹਾਲੇ ਵੀ ਪੂਰੇ ਨਹੀਂ ਕੀਤੇ ਗਏ।

ਉਨ੍ਹਾਂ ਨੇ ਕਿਹਾ ਕਿ ਪੂਰੇ ਕੀਤੇ ਜਾਣੋਂ ਰਹਿ ਗਏ ਵਾਅਦਿਆਂ ਵਿਚ ਔਫ-ਡੌਕ ਉੱਤੇ ਲਾਇਸੈਂਸ ਤੋਂ ਬਗ਼ੈਰ ਟਰੱਕ ਚਲਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਟਰਮੀਨਲ ਰਿਜ਼ਰਵੇਸ਼ਨ ਦਾ ਸਹੀ ਪ੍ਰਬੰਧ ਵੀ ਨਹੀਂ ਹੈ ਤੇ ਵੇਟਿੰਗ ਟਾਈਮ ਫੀਸ ਦਾ ਭੁਗਤਾਨ ਵੀ ਢੰਗ ਸਿਰ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਹ ਮੰਗ ਕਰਦੀ ਹੈ ਕਿ ਇਸ ਸਬੰਧ ਵਿਚ ਢੁੱਕਵੀ ਕਾਰਵਾਈ ਕੀਤੀ ਜਾਵੇ ਅਤੇ ਇਹ ਮਾਮਲੇ ਅਗਲੇ ਤਿੰਨ ਮਹੀਨਿਆਂ ਵਿਚ ਨਜਿੱਠ ਦਿੱਤੇ ਜਾਣ। ਗਗਨ ਸਿੰਘ ਦਾ ਕਹਿਣ ਹੈ, “ਚੰਗੇ-ਭਲੇ ਚੱਲਦੇ ਟਰੱਕਾਂ ਨੂੰ ਕੰਡਮ ਕਰਾਰ ਦੇਣ ਦੇ ਮਾਮਲੇ ਨੂੰ ਹਾਲ਼ ਦੀ ਘੜੀ ਠੱਲ੍ਹ ਪੈ ਜਾਣਾ ਚੰਗਾ ਹੈ, ਪਰ 2014 ਦੇ 14 ਨੁਕਾਤੀ ਪ੍ਰੋਗਰਾਮ ਵਿਚ ਕੀਤੇ ਹੋਏ ਕਈ ਵਾਅਦੇ ਅਜੇ ਵੀ ਪੂਰੇ ਕਰਨੋਂ ਰਹੇ ਹੋਏ ਹਨ ਤੇ ਉਹ ਵਾਅਦੇ ਵੀ ਪੂਰੇ ਕੀਤੇ ਜਾਣ। ਸੋ ਜੋ ਮਸਲੇ ਤਕਰੀਬਨ ਅੱਠ ਸਾਲ ਪਹਿਲਾਂ ਹੱਲ ਕੀਤੇ ਜਾਣੇ ਬਣਦੇ ਸਨ, ਉਹ ਹੁਣ ਅਗਲੇ ਤਿੰਨ ਮਹੀਨਿਆਂ ਵਿਚ ਲਾਜ਼ਮੀ ਹੱਲ ਕੀਤੇ ਜਾਣ।”

ਉਨ੍ਹਾਂ ਨੇ ਕਿ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਗੱਲ ਲਈ ਸਰਕਾਰ ਦਾ ਧੰਨਵਾਦ ਕਰਦੀ ਹੈ ਕਿ ਸਰਕਾਰ ਟਰੱਕਾਂ ਵਾਲ਼ਿਆਂ ਲਈ ਬਹੁਤ ਸਾਰੇ ਹੀਲੇ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੇ ਦਿਨੀਂ ਉਨ੍ਹਾਂ ਦੀ ਜਥੇਬੰਦੀ ਉਨ੍ਹਾਂ ਖ਼ਾਸ-ਖ਼ਾਸ ਵਾਅਦਿਆਂ ਦੀ ਸੂਚੀ ਜਨਤਾ ਦੇ ਸਨਮੁਖ ਪੇਸ਼ ਕਰੇਗੀ, ਜੋ ਅਜੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ, ਟਰੱਕਾਂ ਵਾਲ਼ਿਆਂ ਦੇ ਕੰਮ ਸਬੰਧੀ ਹਾਲਤਾਂ ਵਿਚ ਕੀਤੇ ਜਾਣ ਵਾਲ਼ੇ ਸੁਧਾਰਾਂ ਦੀ ਇਕ ਸੂਚੀ ਵੀ ਛੇਤੀ ਜਾਰੀ ਕਰਨਗੇ।