ਪੰਜਾਬਣਾਂ ਦੀ  ਸ਼ਾਨ ‘ਤੇ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ ਫੁਲਕਾਰੀ




ਪੰਜਾਬਣਾਂ ਦੀ  ਸ਼ਾਨ ‘ਤੇ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ ਫੁਲਕਾਰੀ | ਭਾਵੇਂ ਸਮੇਂ ਦੇ ਨਾਲ ਨਾਲ ਪੰਜਾਬਣਾਂ ਦੇ ਪਹਿਰਾਵੇ ‘ਚ ਥੋੜਾ ਬਦਲਾਅ ਆਇਆ ਪਰ ਫੁਲਕਾਰੀ ਹਮੇਸ਼ਾ ਹੀ ਪੰਜਾਬਣਾਂ ਦੀ ਪਹਿਲੀ ਪਸੰਦ ਰਹੀ ਹੈ | ਸ਼ਗਨਾਂ ਦਾ ਕੋਈ ਵੀ ਮੌਕਾ ਹੋਵੇ ਜਾਂ ਕੋਈ ਤਿੱਥ ਤਿਉਹਾਰ ਫੁੱਲਕਾਰੀ ਦੀ ਅਹਿਮੀਅਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ | ਪਹਿਲਾਂ ਫੁਲਕਾਰੀ ਸਿਰਫ ਖੱਦਰ ਦੇ ਕੱਪੜੇ ‘ਤੇ ਕੱਢੀ ਜਾਂਦੀ ਸੀ । ਪਰ ਭਾਰੀ ਹੋਣ ਕਰਕੇ ਅੱਜ ਕੱਲ ਇਨਾਂ ਦਾ ਇਸਤੇਮਾਲ ਪੰਜਾਬਣਾਂ ਘੱਟ ਕਰਦੀਆਂ ਹਨ | ਹੁਣ ਹਲਕੇ ਕੱਪੜੇ ‘ਚ ਫੁਲਕਾਰੀ ਦੀਆਂ ਕਈ ਵੰਨਗੀਆਂ ਆ ਗਈਆਂ ਹਨ |

ਜਿਸ ਕਰਕੇ ਫੁਲਕਾਰੀ ਨੂੰ ਆਧੁਨਿਕ ਤਰੀਕੇ ਨਾਲ ਮੁਟਿਆਰਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ | ਵੇਲ ਬੂਟਿਆਂ ਨਾਲ ਸੱਜੀ ‘ਤੇ ਸੁਰਖ ਰੰਗਾਂ ਨਾਲ ਕੱਢੀ ਜਾਣ ਵਾਲੀ ਫੁਲਕਾਰੀ ਸਭ ਨੂੰ ਆਪਣੇ ਵੱਲ ਆਕ੍ਰਿਸ਼ਤ ਕਰਦੀ ਹੈ | ਇਸ ਫੁਲਕਾਰੀ ‘ਚ ਜ਼ਿੰਦਗੀ ਦੇ ਸਭ ਰੰਗ ਲੁਕੇ ਹੁੰਦੇ ਹਨ , ‘ਤੇ ਹਰ ਸ਼ਗਨ ਦੇ ਮੌਕੇ ‘ਤੇ ਫੁਲਕਾਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ | ਪਰ ਪੰਜਾਬ ਦੀ ਇਸ ਲੋਕ ਕਲਾ ਦੀ ਸ਼ੁਰੂਆਤ ਕਦੋਂ ‘ਤੇ ਕਿੱਥੇ ਹੋਈ ਇਸ ‘ਤੇ ਇੱਕ ਝਾਤ ਪਾਉਂਦੇ ਹਾਂ | ਜਿੱਥੇ ਇਸ ਕਲਾ ਨੂੰ ਗੁਲਕਾਰੀ ਕਿਹਾ ਜਾਂਦਾ ਹੈ, ਕਲਾ ਦੇ ਇਸ ਬੇਹਤਰੀਨ ਨਮੁਨੇ ਨੂੰ ਖੱਦਰ ਦੇ ਕੱਪੜੇ ਤੇ ਕੱਢਿਆ ਜਾਂਦਾ ਹੈ । ਜਿਸ ਉੱਤੇ ਰੇਸ਼ਮੀ ਧਾਗੇ ਨਾਲ ਕਢਾਈ ਕੀਤੀ ਜਾਂਦੀ ਹੈ ,ਪਹਿਲਾਂ ਪੰਜਾਬ ‘ਚ ਫੁਲਕਾਰੀ ਦਾ ਇਸਤੇਮਾਲ ਅੰਦਰ ਬਾਹਰ ਜਾਣ ਵੇਲੇ ਮੁਟਿਆਰਾਂ ‘ਤੇ ਨਵ ਵਿਆਹੀਆਂ ਵਲੋਂ ਕੀਤਾ ਜਾਂਦਾ ਸੀ |

ਫੁਲਕਾਰੀ ਚਾਰ ਤਰਾਂ ਦੀ ਹੁੰਦੀ ਹੈ ਜਿਸ ‘ਚੋਂ ਪਹਿਲੀ ਕਿਸਮ ਹੈ ਬਾਗ-ਬਾਗ ਫੁੱਲਾਂ ਨਾਲ ਕੱਢੀ ਗਈ ਫੁਲਕਾਰੀ ਦਾ ਅਜਿਹਾ ਰੂਪ ਹੁੰਦੀ ਹੈ ਜੋ ਬਹੁਤ ਭਰਵੀਂ ਹੁੰਦੀ ਹੈ ਇਸ ਕਿਸਮ ਦੀ ਫੁਲਕਾਰੀ ਦੇ ਕੱਪੜੇ ਨੂੰ ਫੁੱਲਾਂ ਨਾਲ ਪੂਰੀ ਤਰਾਂ ਭਰਿਆ ਜਾਂਦਾ ਹੈ | ਜਿਸ ਕਰਕੇ ਇਸਨੂੰ ਬਾਗ ਕਿਹਾ ਜਾਂਦਾ ਹੈ | ਦੂਸਰੀ ਕਿਸਮ ਦੀ ਫੁਲਕਾਰੀ ਹੈ ਥਿਰਮਾ -ਇਸ ਕਿਸਮ ਦੀ ਫੁਲਕਾਰੀ ਨੂੰ ਅੱਧਖੜ ‘ਤੇ ਬਜ਼ੁਰਗ ਔਰਤਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ | ਬਾਵਨ ਫੁਲਕਾਰੀ -ਇਸ ਕਿਸਮ ਦੀ ਫੁਲਕਾਰੀ ਦੇ ਇੱਕ ਪੀਸ ‘ਤੇ ਅਲੱਗ ਅਲੱਗ ਪੈਟਰਨ ਦੇ ਫੁੱਲ ਬਣਾਏ ਜਾਂਦੇ ਹਨ | ਚੋਭ – ਚੋਭ ਇੱਕ ਕਿਸਮ ਦੀ ਕਿਨਾਰਿਆਂ ‘ਤੇ ਕੱਢੀ ਜਾਂਦੀ ਹੈ ਇਹ ਫੁਲਕਾਰੀ ਦੇ ਚਾਰੇ ਚੁਫੇਰੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਜਾਂਦੀ ਹੈ | ਸੋਬਰ ਫੁਲਕਾਰੀ ਲੈਣ ਦੀਆਂ ਸ਼ੁਕੀਨ ਮੁਟਿਆਰਾਂ ਅਕਸਰ ਇਸ ਕਿਸਮ ਦੀ ਫੁਲਕਾਰੀ ਦਾ ਇਸਤੇਮਾਲ ਕਰਦੀਆਂ ਹਨ | ਫੁਲਕਾਰੀ ਪੰਜਾਬਣਾਂ ਲਈ ਇੱਕ ਗਹਿਣੇ ਵਾਂਗ ਹੁੰਦੀ ਜੋ ਪੀੜੀ ਦਰ ਪੀੜੀ ਅੱਗੇ ਚੱਲਦੀ ਹੈ |

ਕਿਉਂਕਿ ਇਸ ਨੂੰ ਦਾਨ ਦਹੇਜ ‘ਚ ਵੀ ਦਿੱਤਾ ਜਾਂਦਾ ਹੈ ਇਸ ਲਈ ਮਾਂ ਆਪਣੀ ਧੀ ਲਈ ‘ਤੇ ਅੱਗੋਂ ਸੱਸ ਵੀ ਆਪਣੀ ਨੂੰਹ ਨੂੰ ਸ਼ਗਨਾਂ ਦੀ ਇਹ ਫੁਲਕਾਰੀ ਦੇਂਦੀ ਹੈ | ਪੰਜਾਬ ਦੀ ਇਹ ਲੋਕ ਕਲਾ ਅੱਜ ਪੰਜਾਬ ‘ਚ ਹੀ ਸਗੋਂ ਪੂਰੇ ਉੱਤਰ ਭਾਰਤ ਦੀਆਂ ਔਰਤਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ | ਰੰਗ ਬਿਰੰਗੇ ਫੁੱਲਾਂ ਨਾਲ ਸੱਜੀ ਇਹ ਫੁਲਕਾਰੀ  ਪੰਜਾਬੀ ਮੁਟਿਆਰਾਂ ਦੀ ਜ਼ਿੰਦਗੀ ‘ਚ ਵੀ ਕਈ ਰੰਗ ਭਰਦੀ ਹੈ | ਪੰਜਾਬੀ ਪਹਿਨਣ ਪਚਰਨ ਦੇ ਸ਼ੁਕੀਨ ਹਨ ‘ਤੇ ਪੁਰਾਣੇ ਸਮਿਆਂ ‘ਚ ਵੀ ਉਹ ਪੂਰੇ ਠਾਠ ਨਾਲ ਰਹਿੰਦੇ ਸਨ | ਪੰਜਾਬੀ ਮੁਟਿਆਰਾ ਦਾ ਹੁਸਨ ਡੁੱਲ ਡੁੱਲ ਪੈਂਦਾ ‘ਤੇ ਜਦੋਂ ਫੁਲਕਾਰੀ ‘ਤੇ ਪੰਜਾਬਣ ਦਾ ਸੁਮੇਲ ਹੁੰਦਾ ਹੈ ਤਾਂ ਵੇਖਣ ਵਾਲੇ ਵੇਖਦੇ ਹੀ ਰਹਿ ਜਾਂਦੇ ਹਨ |