ਜ਼ਿੰਮੇਵਾਰੀ ਨਿਭਾਉਂਦੀ ਐ “ਯੈੱਸ, ਆਈ ਐੱਮ ਸਟੂਡੈਂਟ”
ਬਰੈਂਪਟਨ, ਓਨਟਾਰੀਓ – “ਯੈੱਸ, ਆਈ ਐੱਮ ਸਟੂਡੈਂਟ” ਫਿਲਮ ਨੂੰ ਦੇਖਣ ਦਾ ਸਬੱਬ ਬਣਿਆ। ਇਹ ਫਿਲਮ ਵਿਦੇਸ਼ਾਂ ‘ਚ ਜਾ ਕੇ ਪੜ੍ਹਾਈਆਂ ਕਰਦੇ ਤੇ ਨਾਲ ਕਮਾਈਆਂ ਕਰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ‘ਚ ਨੇੜੇ ਤੋਂ ਝਾਤ ਮਾਰਦੀ ਦਿਖਾਈ ਦਿੰਦੀ ਐ। ਫਿਲਮ ‘ਚ ਨੌਜਵਾਨਾਂ ‘ਚ ਖਾਸੇ ਮਸ਼ਹੂਰ ਗਾਇਕ ਅਤੇ ਹੁਣ ਅਦਾਕਾਰ ਸਿੱਧੂ ਮੂਸੇਵਾਲਾ ਨੇ ਮੁੱਖ ਕਿਰਦਾਰ ਨਿਭਾਇਆ ਹੈ ਅਤੇ ਉਹਨਾਂ ਦੇ ਨਾਲ ਨੇ ਮਸ਼ਹੂਰ ਪੰਜਾਬੀ ਅਦਾਕਾਰਾ ਮੈਂਡੀ ਤੱਖੜ। ਫਿਲਮ ਨਿਰਮਾਤਾ ਅੰਮ੍ਰਿਤਜੀਤ ਸਰਾਂ ਨੇ ਇਸ ‘ਚ ਅਦਾਕਾਰੀ ਵਾਲਾ ਰੋਲ ਵੀ ਬਾਖੂਬੀ ਨਿਭਾਇਐ ਅਤੇ ਉਹ ਇਸ ਲਈ ਵਧਾਈ ਦੇ ਪਾਤਰ ਹਨ। ਫਿਲਮ ਨੂੰ ਬਹੁਤ ਟੇਢਾ-ਮੇਢਾ ਨਾ ਲਿਖਕੇ ਸੱਚਾਈ ਦੇ ਬਹੁਤ ਕਰੀਬ ਹੋਕੇ ਲਿਖਣ ਲਈ ਗਿੱਲ ਰੌਂਤਾ ਵੀ ਵਧਾਈ ਦੇ ਪਾਤਰ ਹਨ।

“ਚੰਗੀ ਗੱਲ” – ਫਿਲਮ ਦੀ ਕਹਾਣੀ ਹੈ ਬਿਲਕੁਲ ਆਮ ਪਰ ਇਸਦੀ ਖਾਸ ਗੱਲ ਇਹ ਹੈ ਕਿ ਇਸਨੇ ਉਹ ਕੰਮ ਨਹੀਂ ਕੀਤਾ ਜਿਸਨੂੰ ਲੈਕੇ ਮੇਰੇ ਆਪਣੇ ਮਨ ‘ਚ ਸ਼ੰਕਾ ਸੀ , ਉਹ ਸੀ ਸਿਰਫ ਇੱਕ ਪੱਖ ਦੀ ਗੱਲ ਨੂੰ ਦਿਖਾਉਣ ਦਾ। ਜਿੱਥੇ ਪੈਲੀ ਗਹਿਣੇ ਰੱਖ ਕੇ ਕੈਨੇਡਾ ਵਰਗੇ ਮੁਲਕ ‘ਚ ਪਹੁੰਚਣ ਵਾਲੇ ਵਿਦਿਆਰਥੀ ਦੀ ਮਿਹਨਤ ਅਤੇ ਮੁਸ਼ਕਿਲਾਂ ਨੂੰ ਦਿਖਾਇਆ ਗਿਐ, ਉੱਥੈ ਹੀ ਉਹਨਾਂ ਵਿਦਿਆਰਥੀਆਂ ਦਾ ਵੀ ਜ਼ਿਕਰ ਕੀਤਾ ਗਿਐ, ਜਿੰਨ੍ਹਾਂ ਨੂੰ ਇੱਥੇ ਆਉਣ ਦਾ ਮਕਸਦ ਭੁੱਲ ਜਾਂਦੈ ਤੇ ਉਹ ਉਹਨਾਂ ਗਲਤ ਰਾਹਾਂ ਵੱਲ ਨੂੰ ਤੁਰ ਪੈਂਦੇ ਨੇ ਜਿੱਥੇ ਪਿੱਛੇ ਮੁੜਣ ਦਾ ਕੋਈ ਰਾਹ ਨਹੀਂ ਹੁੰਦਾ। ਇਹ ਢਾਣੀਆਂ ਫਿਰ ਉਹਨਾਂ ਵਿਦਿਆਰਥੀਆਂ ਨੂੰ ਲੁਭਾਉਣ ਦਾ ਵੀ ਕੰਮ ਬਾਖੂਬੀ ਕਰਦੀਆਂ ਨੇ, ਜਿਹੜੇ ਵਿਦਿਆਰਥੀ ਆਪਣੇ ਘਰੋਂ ਪੂਰੇ ਮਨ ਨਾਲ ਮਿਹਨਤ ਕਰਨ ਦਾ ਵਾਅਦਾ ਕਰਕੇ ਚੱਲੇ ਹੁੰਦੇ ਨੇ।

ਇੱਥੇ ਉਹਨਾਂ “ਆਪਣਿਆਂ” ਦਾ ਵੀ ਜ਼ਿਕਰ ਕੀਤਾ ਗਿਐ, ਜਿਹੜੇ ਬਿਗਾਨੀ ਧਰਤੀ ‘ਤੇ “ਟੌਹਰ” ਤੇ “ਜ਼ੋਰ” ਦੀ ਦੋੜ ‘ਚ ਆਪਣਾ ਫਰਜ਼ ਭੁੱਲ ਬੈਠਦੇ ਨੇ ਤੇ ਉਹਨਾਂ “ਬਿਗਾਨਿਆਂ” ਦਾ ਵੀ ਜ਼ਿਕਰ ਕੀਤਾ ਗਿਐ, ਜਿਹੜੇ ਸਭ ਕੁਝ ਭੁੱਲ ਕੇ ਤੁਹਾਨੂੰ ਨਾ ਸਿਰਫ ਸਿੱਧੇ ਰਾਹ ਤੁਰਨ ਲਈ ਹੌਂਸਲਾ ਅਫਜ਼ਾਈ ਕਰਦੇ ਨੇ ਬਲਕਿ ਤੁਹਾਡਾ ਸਾਥ ਵੀ ਦਿੰਦੇ ਨੇ।

ਪੈਸੇ ਦੀ ਦੌੜ ‘ਚ ਨੌਜਵਾਨਾਂ ਦੀ ਹੱਕ ਦੀ ਕਮਾਈ ‘ਤੇ ਪਲ ਰਹੇ ਉਸ ਤਬਕੇ ਦਾ ਵੀ ਜ਼ਿਕਰ ਕੀਤਾ ਗਿਐ, ਜਿੰਨ੍ਹਾਂ ਨੂੰ ਰੇਡੀਓ ਸ਼ੋਆਂ ‘ਤੇ ਮੁੱਖ ਮਹਿਮਾਨ ਬਣਾ ਕੇ ਸੱਦਿਆ ਜਾਂਦੈ ਤੇ ਉਹਨਾਂ ਮੀਡੀਆਕਾਰਾਂ ‘ਤੇ ਵੀ ਤੰਜ਼ ਕੱਸਿਆ ਗਿਐ, ਜਿੰਨ੍ਹਾਂ ਦਾ ਮੁੱਖ ਮੁੱਦਾ ਆਪਣੇ ਹੀ ਭਾਈਚਾਰੇ ਨੂੰ ਪਾਸਪੋਰਟ ‘ਤੇ ਲੱਗੀ ਸਟੈਂਪ ‘ਤੇ ਆਧਾਰਤ ਵੰਡਣਾ ਹੁੰਦੈ।

ਤਰਨਵੀਰ ਸਿੰਘ ਜਗਪਾਲ ਵੱਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਤੋਂ ਮੈਨੂੰ ਸਾਦਗੀ ਦੀ ਉਮੀਦ ਤਾਂ ਸੀ ਹੀ, ਜੋ ਕਿ ਫਿਲਮ ‘ਚ ਬਾਖੂਬੀ ਦਿਖਾਈ ਦਿੰਦੀ ਹੈ। ਇਹ ਫਿਲਮ ਉਸ ਵਕਤ ਵੀ ਨਿਆਂ ਕਰਦੀ ਐ ਜਦੋਂ ਗਿੱਲ ਰੌਂਤਾ ਵੱਲੋਂ ਆਪਣੇ ਦੋਸਤ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਐ ਤੇ ਫਿਰ ਮਾਂ ਦੀ ਬੀਮਾਰ ਹੋਣ ‘ਤੇ ਬੱਚਿਆਂ ਵਾਂਗ ਹੰਝੂ ਕੇਰੇ ਜਾਂਦੇ ਨੇ ਅਤੇ ਇਸ ਫਿਲਮ ਵੱਲੋਂ ਉਸ ਸਮੇਂ ਵੀ ਇਨਸਾਫ ਕੀਤਾ ਜਾਂਦੈ ਜਦੋਂ ਫਿਲਮ ਦੇ ਅਖੀਰ ‘ਚ ਨਸ਼ਾ ਕਰਦੇ ਨੌਜਵਾਨਾਂ ਨੂੰ ਪੁਲਿਸ ਹੱਥੇ ਚੜ੍ਹਿਆ ਦਿਖਾਇਆ ਜਾਂਦੈ ਤਾਂ ਜੋ ਨੌਜਵਾਨਾਂ ਨੂੰ ਗਲਤ ਰਾਹ ‘ਤੇ ਤੁਰਨ ਦੇ ਨਤੀਜੇ ਬਾਰੇ ਵੀ ਪਤਾ ਹੋਵੇ।

ਹਾਂਲਾਕਿ, ਫਿਲਮ ਦੀ ਰਫਤਾਰ ਕਹਾਣੀ ਨਾਲੋਂ ਜ਼ਿਆਦਾ ਤੇਜ਼ ਜਾਪਦੀ ਐ ਪਰ ਇਹ ਫਿਲਮ ਨੌਜਵਾਨਾਂ ਨੂੰ ਇੱਕ ਸਾਰਥਕ ਸੁਨੇਹਾ ਦੇਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਦੀ ਐ ਅਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ‘ਚ ਕਾਮਯਾਬ ਹੋਈ ਹੈ। ਛੋਟੀ ਉਮਰੇ ਬਿਗਾਨੀ ਧਰਤੀ ‘ਤੇ ਆ ਕੇ ਇੱਥੇ ਮਿਹਨਤ ਕਰਨਾ ਅਤੇ ਆਪਣੇ ਯੂਥ ਆਈਡਲ ਨੂੰ ਫਿਲਮ ‘ਚ ਦੇਖਣ ਤੋਂ ਬਾਅਦ ਉਮੀਦ ਐ ਕਿ ਨੌਜਵਾਨ ਆਪਣੇ ਨਾਲ ਮਿਹਨਤ ਕਰਨ ਦੀ ਲਗਨ, ਹਾਸੇ-ਠੱਠੇ ਦੇ ਨਾਲ-ਨਾਲ ਸਾਰਥਕਤਾ ਦਾ ਸੁਨੇਹਾ ਨਾਲ ਲੈਕੇ ਜਾਣਗੇ।

ਸਭ ਤੋਂ ਸੋਹਣੀ ਗੱਲ – ਇਸ ਫਿਲਮ ਦੀ ਖ਼ੂਬਸੂਰਤੀ ਐ ਕਿ ਆਨੇ-ਬਹਾਨੇ ਇਸ ‘ਚ ਔਖੇ ਤੇ ਸੌਖੇ ਵੇਲੇ ਉਸ ਮਾਲਕ ਦਾ ਨਾਮ ਜਪਣ ਅਤੇ ਉਸਦੇ ਭਾਣੇ ਨੂੰ ਮੰਨਣ ਨਾਲ ਉਸਦਾ ਓਟ ਆਸਰਾ ਲੈਕੇ ਚੱਲਣ ਦਾ ਸੁਨੇਹਾ ਮਿਲਦੈ।

ਮੈਨੂੰ ਇਸ ਤੋਂ ਇੱਕ ਸ਼ਿਕਾਇਤ ਇਹ ਹੈ ਕਿ ਹਰ ਫਿਲਮ ਵਾਂਗ ਇਸ ‘ਚ ਵੀ ਬੇਬੇ ਨੂੰ ਕੈਨੇਡਾ ਨਹੀਂ ਬੁਲਾਇਆ ਜਾਂਦਾ ਤੇ ਸਿਰਫ ਬਾਪੂ ਜੀ ਨੂੰ ਬਾਹਰ ਦੀ ਗੇੜੀ ਲਗਵਾਈ ਜਾਂਦੀ ਐ। ਬੇਬੇ ਦਾ ਇੱਥੇ ਆ ਕੇ ਫਿਰ ਪਿੰਡ ਜਾ ਕੇ ਸ਼ੋਅ-ਆਫ ਕਰਨਾ ਬਣਦਾ ਸੀ। ਅਗਲੀ ਫਿਲਮ ਵਿੱਚ ਬੇਬੇ ਨੂੰ ਕੈਨੇਡਾ ਦੀ ਗੇੜੀ ਲਗਵਾਉਣੀ ਜ਼ਰੂਰੀ ਹੋਵੇਗੀ।

ਬਹੁਤ-ਬਹੁਤ ਵਧਾਈ, ਸ਼ੁਭਕਾਮਨਾਵਾਂ ਅਤੇ ਦੁਆਵਾਂ!